#INDIA

ਰਾਹੁਲ ਗਾਂਧੀ ਦੇ ਪ੍ਰਦਰਸ਼ਨ ਤੋਂ ਬਾਅਦ ਪੈਲੇਟ ਗੰਨ ਦੀ ਵਰਤੋਂ ਕਰਨ ਵਾਲਿਆਂ ‘ਤੇ ਕੇਸ ਦਰਜ

-ਸੰਸਦ ਮਾਰਗ ਥਾਣੇ ਦੇ ਬਾਹਰ ਦਿੱਤਾ ਸੀ ਧਰਨਾ
ਨਵੀਂ ਦਿੱਲੀ, 21 ਅਗਸਤ (ਪੰਜਾਬ ਮੇਲ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਪੈਲੇਟ ਗੰਨ ਦੀ ਵਰਤੋਂ ਕਰਨ ਵਾਲਿਆਂ ‘ਤੇ ਕੇਸ ਦਰਜ ਕਰਨ ਦੀ ਮੰਗ ਦੇ ਮਾਮਲੇ ‘ਤੇ ਅੱਜ ਦਿੱਲੀ ਪੁਲਿਸ ਸਟੇਸ਼ਨ ਵਿਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਪੁਲਿਸ ਨੇ ਇਸ ਮਾਮਲੇ ‘ਚ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ 21 ਅਗਸਤ ਨੂੰ ਪੈਲੇਟ ਗੰਨ ਦੇ ਹਮਲੇ ਦਾ ਸ਼ਿਕਾਰ ਹੋਏ ਨੌਜਵਾਨ ਸਾਹਿਲ ਲੋਹਚਬ ਨਾਲ ਸੰਸਦ ਮਾਰਗ ਪੁਲਿਸ ਸਟੇਸ਼ਨ ਪਹੁੰਚੇ ਸਨ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਵਿਚ ਤੁਰੰਤ ਐੱਫ.ਆਈ.ਆਰ. ਦਰਜ ਕੀਤੀ ਜਾਵੇ। ਇਸ ਮਾਮਲੇ ‘ਤੇ ਜਦੋਂ ਪੁਲਿਸ ਨੇ ਕੇਸ ਦਰਜ ਕਰਨ ਤੋਂ ਇਨਕਾਰ ਕੀਤਾ, ਤਾਂ ਉਹ ਉੱਥੇ ਹੀ ਧਰਨੇ ‘ਤੇ ਬੈਠ ਗਏ। ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਸੁਪਰੀਮ ਕੋਰਟ ਨੇ ਵਿਦਿਆਰਥੀ ਰੋਸ ਪ੍ਰਦਰਸ਼ਨਾਂ ਦੌਰਾਨ ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਤਾਕਤ ਦੀ ਬਹੁਤ ਜ਼ਿਆਦਾ ਵਰਤੋਂ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਇੱਕ ਉੱਚ-ਪੱਧਰੀ ਮਾਹਰ ਕਮੇਟੀ ਦਾ ਗਠਨ ਕੀਤਾ ਹੈ ਪਰ ਰਾਹੁਲ ਗਾਂਧੀ ਆਪਣੀ ਮੰਗ ‘ਤੇ ਅੜੇ ਰਹੇ, ਜਿਸ ਤੋਂ ਬਾਅਦ ਪੁਲਿਸ ਨੂੰ ਕੇਸ ਦਰਜ ਕਰਨਾ ਪਿਆ।
ਧਰਨੇ ‘ਤੇ ਬੈਠਦਿਆਂ ਹੀ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਅਤੇ ਇਨਸਾਫ਼ ਲਈ ਖੜ੍ਹੇ ਹਨ ਅਤੇ ਜਦੋਂ ਤੱਕ ਐੱਫ.ਆਈ.ਆਰ. ਦਰਜ ਨਹੀਂ ਹੁੰਦੀ, ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਰਾਹੁਲ ਗਾਂਧੀ ਨੇ ਦੱਸਿਆ ਕਿ 20 ਜੁਲਾਈ ਨੂੰ ਜੰਤਰ-ਮੰਤਰ ਵਿਖੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ 19 ਸਾਲਾ ਸਾਹਿਲ ਲੋਹਚਬ ‘ਤੇ ਪੁਲਿਸ ਨੇ ਪੈਲੇਟ ਗੰਨ ਨਾਲ ਹਮਲਾ ਕੀਤਾ ਸੀ, ਜਿਸ ਕਾਰਨ ਉਸ ਦੀ ਇੱਕ ਅੱਖ ਦੀ ਰੌਸ਼ਨੀ ਪ੍ਰਭਾਵਿਤ ਹੋਈ।
ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਹੋਏ ਇਸ ਹਮਲੇ ਲਈ ਜਵਾਬਦੇਹੀ ਦੀ ਮੰਗ ਕੀਤੀ ਸੀ ਅਤੇ ਪੁੱਛਿਆ ਸੀ ਕਿ ਕੀ ਨੌਜਵਾਨਾਂ ਵਿਰੁੱਧ ਘਾਤਕ ਹਥਿਆਰਾਂ ਦੀ ਵਰਤੋਂ ਦੀ ਪ੍ਰਵਾਨਗੀ ਦਿੱਤੀ ਗਈ ਸੀ।
ਉਨ੍ਹਾਂ ਦੋਸ਼ ਲਾਇਆ ਕਿ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਅੱਥਰੂ ਗੈਸ ਤੇ ਪੈਲਟਾਂ ਦੀ ਵਰਤੋਂ ਕੀਤੀ ਗਈ, ਜਿਸ ਨਾਲ ਕਈ ਨੌਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਬਦਸਲੂਕੀ ਅਤੇ ਮਾਰਕੁੱਟ ਕੀਤੀ ਗਈ।
ਕਾਂਗਰਸ ਨੇ ਕਿਹਾ ਕਿ ਲੋਹਚਬ ਨੇ ਆਪਣੇ ਵਕੀਲਾਂ ਦੇ ਨਾਲ 14 ਅਗਸਤ ਨੂੰ ਦਿੱਲੀ ਪੁਲਿਸ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਸੀ, ਪਰ ਉਸ ਨੂੰ ਜਾਂਚ ਅਧਿਕਾਰੀ (ਆਈ.ਓ.) ਦਾ ਨਾਮ ਜਾਂ ਨੰਬਰ ਨਹੀਂ ਦਿੱਤਾ ਗਿਆ। ਪਾਰਟੀ ਨੇ ਦੋਸ਼ ਲਾਇਆ ਕਿ 17 ਅਗਸਤ ਨੂੰ ਈਮੇਲਾਂ ਅਤੇ ਫ਼ੋਨ ਕਾਲਾਂ ਰਾਹੀਂ ਮਾਮਲੇ ਨੂੰ ਦੁਬਾਰਾ ਅੱਗੇ ਵਧਾਇਆ ਗਿਆ, ਪਰ ਕੋਈ ਰਸੀਦ ਜਾਂ ਆਈ/ਓ ਨੰਬਰ ਨਹੀਂ ਦਿੱਤਾ ਗਿਆ।
ਪਾਰਟੀ ਨੇ ਕਿਹਾ ਕਿ ਪਿਛਲੇ ਯਤਨਾਂ ਦੇ ਬੇਅਸਰ ਰਹਿਣ ਤੋਂ ਬਾਅਦ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਲੋਚਬ ਅਤੇ ਉਸਦੀ ਮਾਂ ਨੂੰ ਨਾਲ ਲੈ ਕੇ ਪੁਲਿਸ ਸਟੇਸ਼ਨ ਗਏ। ਪਾਰਟੀ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦੇ ਦਖ਼ਲ ਤੋਂ ਬਾਅਦ ਵੀ ਡੀ.ਸੀ.ਪੀ. ਨੇ ਕੇਸ ਅਧਿਕਾਰੀ ਜਾਂ ਜਾਂਚ ਅਧਿਕਾਰੀ ਬਾਰੇ ਕੋਈ ਵੇਰਵਾ ਨਹੀਂ ਦਿੱਤਾ।