#AMERICA

ਯੂ.ਐੱਨ. ਦੇ ਅਗਲੇ ਆਗੂ ਵਜੋਂ ਕਿਸੇ ਔਰਤ ਨੂੰ ਚੁਣਨ ਲਈ ਵਧਿਆ ਦਬਾਅ

– ਸਾਰਾ ਹੈਂਡ੍ਰਿਕਸ ਨੇ ਮਿਲ ਰਹੀ ਹਮਾਇਤ ਦਾ ਕੀਤਾ ਸਵਾਗਤ
ਸੰਯੁਕਤ ਰਾਸ਼ਟਰ, 2 ਅਕਤੂਬਰ (ਪੰਜਾਬ ਮੇਲ)- ਅਜਿਹੇ ਸਮੇਂ ਜਦੋਂ ਲਿੰਗੀ ਬਰਾਬਰੀ ਦੀ ਲੜਾਈ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸੰਯੁਕਤ ਰਾਸ਼ਟਰ (ਯੂ.ਐੱਨ.) ਦੇ ਅਗਲੇ ਆਗੂ ਵਜੋਂ ਕਿਸੇ ਔਰਤ ਨੂੰ ਚੁਣਨ ਲਈ ਦਬਾਅ ਵਧ ਰਿਹਾ ਹੈ। ਅਜਿਹਾ ਬੀਤੇ 80 ਸਾਲਾਂ ਦੇ ਇਤਿਹਾਸ ‘ਚ ਪਹਿਲੀ ਵਾਰ ਹੋ ਰਿਹਾ ਹੈ।
ਸੰਯੁਕਤ ਰਾਸ਼ਟਰ ਏਜੰਸੀ ਦੀ ਹਾਲੀਆ ‘ਜੈਂਡਰ ਸਨੈਪਸ਼ਾਟ’ ਰਿਪੋਰਟ ਅਨੁਸਾਰ ਪ੍ਰਗਤੀ ਦੀ ਮੌਜੂਦਾ ਦਰ ਨਾਲ ਲਿੰਗੀ ਬਰਾਬਰੀ ਹਾਸਲ ਕਰਨ ‘ਚ 171 ਸਾਲ ਲੱਗਣਗੇ। ਸੰਯੁਕਤ ਰਾਸ਼ਟਰ ਦੀ ਸੀਨੀਅਰ ਮਹਿਲਾ ਅਧਿਕਾਰੀ ਸਾਰਾ ਹੈਂਡ੍ਰਿਕਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਆਮ ਸਭਾ ‘ਚ ਆਲਮੀ ਆਗੂਆਂ ਦੀ ਹਾਲ ‘ਚ ਮੁਕੰਮਲ ਹੋਈ ਸਾਲਾਨਾ ਮੀਟਿੰਗ ‘ਨੁਮਾਇੰਦਗੀ ਅਤੇ ਵਿਸ਼ਾ ਵਸਤੂ’ ਦੋਵਾਂ ਹੀ ਮਾਮਲਿਆਂ ‘ਚ ਪੁਰਸ਼ਾਂ ਦੀ ਮਾਲਕੀ ਵਾਲੀ ਦੁਨੀਆਂ ਨੂੰ ਦਰਸਾਉਂਦੀ ਹੈ। ਉਨ੍ਹਾਂ ਅਗਲੇ ਯੂ.ਐੱਨ. ਮੁਖੀ ਵਜੋਂ ਕਿਸੇ ਔਰਤ ਦੀ ਸੰਭਾਵੀ ਚੋਣ ਲਈ ਮਿਲ ਰਹੀ ਹਮਾਇਤ ਦਾ ਸਵਾਗਤ ਕੀਤਾ ਹੈ। ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਜੋਸ ਰਾਮੋਸ-ਹੋਰਟਾ ਨੇ ਕਿਹਾ ਕਿ 80 ਤੋਂ ਵੱਧ ਸਾਲਾਂ ਬਾਅਦ, ”ਸਾਡੇ ਵਿਚ ਇੰਨੀ ਸਮਝਦਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਬੇਦਾਗ਼ ਤੇ ਇਮਾਨਦਾਰ ਔਰਤ ਨੂੰ ਚੁਣ ਸਕੀਏ।”