#CANADA

ਬਰੈਂਪਟਨ ‘ਚ ਭਾਰਤੀ ਰੈਸਟੋਰੈਂਟ ਦੇ ਬਾਹਰ ਮੁੜ ਫਾਇਰਿੰਗ

ਬਰੈਂਪਟਨ, 25 ਜੂਨ (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਇਕ ਭਾਰਤੀ ਰੈਸਟੋਰੈਂਟ ਦੇ ਬਾਹਰ ਫਾਇਰਿੰਗ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਪੋਸਟ ਵਿਚ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਆਪ ਨੂੰ ”ਰਾਜਾ ਪਹਿਲਵਾਨ” ਦੱਸਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਨੇ ਅਤੇ ਉਸ ਦੇ ਸਾਥੀ ਨੇ ਦਾਲ ਰੋਟੀ ਰੈਸਟੋਰੈਂਟ ਦੇ ਬਾਹਰ ਗੋਲੀਆਂ ਚਲਾਈਆਂ।
ਪੋਸਟ ਅਨੁਸਾਰ ਇਹ ਹਮਲਾ ਰੈਸਟੋਰੈਂਟ ਮਾਲਕ ਨੂੰ ਚਿਤਾਵਨੀ ਦੇਣ ਲਈ ਕੀਤਾ ਗਿਆ ਹੈ। ਦੋਸ਼ ਲਾਇਆ ਗਿਆ ਕਿ ਉੱਥੇ ਕੰਮ ਕਰਨ ਵਾਲੇ ਕੁੱਝ ਵਿਦਿਆਰਥੀਆਂ ਨੂੰ ਤਨਖ਼ਾਹ ਨਹੀਂ ਦਿੱਤੀ ਗਈ ਅਤੇ ਗੱਲਬਾਤ ਰਾਹੀਂ ਮਾਮਲਾ ਹੱਲ ਕਰਨ ਦੀਆਂ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ।
ਪੁਲਿਸ ਨੂੰ ਸ਼ੱਕ ਹੈ ਕਿ ਇਸ ਘਟਨਾ ਦੇ ਤਾਰ ਗੈਂਗਸਟਰ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਦੇ ਗਿਰੋਹ ਨਾਲ ਜੁੜੇ ਹੋ ਸਕਦੇ ਹਨ।
ਇਸੇ ਦੌਰਾਨ, ਫਾਈਨੈਂਸ਼ੀਅਲ ਟਰਾਂਜ਼ੇਕਸ਼ਨ ਐਂਡ ਰਿਪੋਰਟਸ ਐਨਾਲਾਇਸਸ ਸੈਂਟਰ ਆਫ ਕੈਨੇਡਾ (ਐੱਫ.ਆਈ. ਐੱਨ.ਟੀ. ਆਰ.ਏ. ਸੀ.) ਨੇ ਹਾਲ ਹੀ ਵਿਚ ਚਿਤਾਵਨੀ ਦਿੱਤੀ ਸੀ ਕਿ ਕੈਨੇਡਾ ਵਿਚ ਕੁਝ ਗੈਂਗ ਆਰਥਿਕ ਤੌਰ ‘ਤੇ ਕਮਜ਼ੋਰ ਭਾਰਤੀ ਵਿਦਿਆਰਥੀਆਂ ਨੂੰ ਵਰਤ ਕੇ ਦੱਖਣੀ ਏਸ਼ੀਆਈ ਭਾਈਚਾਰੇ ਵਿਰੁੱਧ ਡਰ ਅਤੇ ਵਸੂਲੀ ਦਾ ਮਾਹੌਲ ਬਣਾ ਰਹੇ ਹਨ।