#EUROPE

ਪੂਰਬੀ ਲੰਡਨ ‘ਚ ਪੁਲਿਸ ਛਾਪੇਮਾਰੀ ਦੌਰਾਨ 2.5 ਮਿਲੀਅਨ ਪੌਂਡ ਨਕਦੀ ਅਤੇ ਸੋਨਾ ਜ਼ਬਤ

ਲੰਡਨ, 15 ਜੂਨ (ਪੰਜਾਬ ਮੇਲ)- ਬ੍ਰਿਟੇਨ ਦੀ ਪੁਲਿਸ ਨੇ ਪੂਰਬੀ ਲੰਡਨ ‘ਚ ਇੱਕ ਮਨੀ ਸਟੋਰ (ਪੈਸੇ ਦੀ ਲੈਣ-ਦੇਣ ਅਤੇ ਕੀਮਤੀ ਧਾਤਾਂ ਨਾਲ ਸੰਬੰਧਿਤ ਕਾਰੋਬਾਰ) ‘ਤੇ ਵੱਡੀ ਛਾਪੇਮਾਰੀ ਕਰਕੇ ਲਗਭਗ 2.5 ਮਿਲੀਅਨ ਪੌਂਡ (ਕਰੀਬ 34 ਕਰੋੜ ਰੁਪਏ) ਦੀ ਨਕਦੀ ਅਤੇ ਸੋਨਾ ਜ਼ਬਤ ਕੀਤਾ ਹੈ।
ਇਹ ਕਾਰਵਾਈ ਲੰਡਨ ਸ਼ਹਿਰ ਦੀ ਪੁਲਿਸ ਵੱਲੋਂ ਇੱਕ ਵੱਡੇ ਅੰਤਰਰਾਸ਼ਟਰੀ ਮਨੀ ਲਾਂਡਰਿੰਗ (ਕਾਲੇ ਧਨ ਨੂੰ ਕਾਨੂੰਨੀ ਦਿਖਾਉਣ) ਦੇ ਮਾਮਲੇ ਦੀ ਜਾਂਚ ਦੌਰਾਨ ਕੀਤੀ ਗਈ। ਪੁਲਿਸ ਅਨੁਸਾਰ ਇਹ ਗਿਰੋਹ ਇਨਕ੍ਰਿਪਟਡ ਮੈਸੇਜਿੰਗ ਨੈੱਟਵਰਕ ਦੀ ਵਰਤੋਂ ਕਰਕੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਗੈਰ-ਕਾਨੂੰਨੀ ਧਨ ਦੀ ਹੇਰਾਫੇਰੀ ਕਰ ਰਿਹਾ ਸੀ।
ਪੁਲਿਸ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਅਧਿਕਾਰੀ ਇੱਕ ਦੁਕਾਨ ‘ਤੇ ਛਾਪਾ ਮਾਰਦੇ ਹਨ ਅਤੇ ਜਾਂਚ ਦੌਰਾਨ ਵੱਡੀ ਮਾਤਰਾ ਵਿਚ ਨਕਦੀ ਅਤੇ ਸੋਨਾ ਬਰਾਮਦ ਕਰਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਰਕਮ ਅਪਰਾਧਿਕ ਗਤੀਵਿਧੀਆਂ ਨਾਲ ਜੁੜੀ ਹੋ ਸਕਦੀ ਹੈ।
ਜਾਂਚ ਏਜੰਸੀਆਂ ਮੁਤਾਬਕ ਇਹ ਕੇਸ ਸਿਰਫ਼ ਸਥਾਨਕ ਪੱਧਰ ਦਾ ਨਹੀਂ, ਸਗੋਂ ਅੰਤਰਰਾਸ਼ਟਰੀ ਨੈੱਟਵਰਕ ਨਾਲ ਜੁੜਿਆ ਹੋਇਆ ਹੈ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਇਹ ਪੈਸਾ ਕਿੱਥੋਂ ਆਇਆ, ਕਿੱਥੇ ਭੇਜਿਆ ਜਾਣਾ ਸੀ ਅਤੇ ਇਸ ਦੇ ਪਿੱਛੇ ਕਿਹੜੇ ਵਿਅਕਤੀ ਜਾਂ ਗਿਰੋਹ ਕੰਮ ਕਰ ਰਹੇ ਸਨ।
ਅਧਿਕਾਰੀਆਂ ਨੇ ਕਿਹਾ ਕਿ ਮਨੀ ਲਾਂਡਰਿੰਗ, ਨਸ਼ਾ ਤਸਕਰੀ, ਧੋਖਾਧੜੀ ਅਤੇ ਹੋਰ ਗੰਭੀਰ ਅਪਰਾਧਾਂ ਨਾਲ ਜੁੜੇ ਗਿਰੋਹਾਂ ਲਈ ਇੱਕ ਮਹੱਤਵਪੂਰਨ ਸਾਧਨ ਹੁੰਦੀ ਹੈ। ਇਸ ਲਈ ਅਜਿਹੇ ਨੈੱਟਵਰਕਾਂ ਨੂੰ ਤੋੜਨਾ ਪੁਲਿਸ ਦੀਆਂ ਤਰਜੀਹਾਂ ਵਿਚ ਸ਼ਾਮਲ ਹੈ।
ਇਸ ਮਾਮਲੇ ਵਿਚ ਜਾਂਚ ਅਜੇ ਵੀ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫ਼ਤਾਰੀਆਂ ਜਾਂ ਜ਼ਬਤੀਆਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਗਿਆ।