#PUNJAB

ਦਿਲਜੀਤ ਦੋਸਾਂਝ ਦੇ ਘਰ ਅਤੇ ਲੁਧਿਆਣਾ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

– ਦਿਲਜੀਤ ਦੋਸਾਂਝ ਦੇ ਲੁਧਿਆਣਾ ਸਥਿਤ ਘਰ ਦੁਆਲੇ ਸੁਰੱਖਿਆ ਘੇਰਾ ਸਖ਼ਤ; ਨਗਰ ਨਿਗਮ ਦੀ ਬਿਲਡਿੰਗ ਖ਼ਾਲੀ ਕਰਵਾਈ
ਲੁਧਿਆਣਾ, 25 ਮਈ (ਪੰਜਾਬ ਮੇਲ)- ਗਲੋਬਲ ਸਟਾਰ ਅਤੇ ਮਸ਼ਹੂਰ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੇ ਲੁਧਿਆਣਾ ਸਥਿਤ ਘਰ ਅਤੇ ਨਗਰ ਨਿਗਮ ਦੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਸਨਸਨੀਖੇਜ਼ ਧਮਕੀ ਮਿਲਣ ਤੋਂ ਬਾਅਦ ਪੂਰੇ ਸ਼ਹਿਰ ‘ਚ ਹੜਕੰਪ ਮੱਚ ਗਿਆ। ਇਹ ਖ਼ੌਫ਼ਨਾਕ ਧਮਕੀ ਭਰੀ ਈਮੇਲ ਲੁਧਿਆਣਾ ਨਗਰ ਨਿਗਮ ਦੇ ਅਧਿਕਾਰਤ ਈਮੇਲ ਖਾਤੇ ‘ਤੇ ਭੇਜੀ ਗਈ ਸੀ, ਜਿਸ ਤੋਂ ਬਾਅਦ ਨਿਗਮ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੁਰੰਤ ਸੁਰੱਖਿਆ ਸਖ਼ਤ ਕਰ ਦਿੱਤੀ ਗਈ।
ਧਮਕੀ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀਆਂ ਹਾਈ-ਟੈਕ ਟੀਮਾਂ, ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਤੁਰੰਤ ਹਰਕਤ ਵਿਚ ਆ ਗਏ। ਪ੍ਰਸ਼ਾਸਨ ਵੱਲੋਂ ਦਿਲਜੀਤ ਦੋਸਾਂਝ ਦੇ ਲੁਧਿਆਣਾ ਵਾਲੇ ਨਿਵਾਸ ਸਥਾਨ ਦੇ ਆਲੇ-ਦੁਆਲੇ ਅਤੇ ਨਗਰ ਨਿਗਮ ਦੇ ਜ਼ੋਨ-ਏ ਦਫ਼ਤਰ ਵਿਖੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਜ਼ੋਨ-ਏ ਦਫ਼ਤਰ ਦੀ ਪੂਰੀ ਬਿਲਡਿੰਗ ਨੂੰ ਖ਼ਾਲੀ ਕਰਵਾ ਕੇ ਚੱਪੇ-ਚੱਪੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਨਿਗਮ ਕਮਿਸ਼ਨਰ ਨੀਰੂ ਕਾਤਿਆਲ ਨੇ ਪੁਸ਼ਟੀ ਕਰਦਿਆਂ ਦੱਸਿਆ, ”ਧਮਕੀ ਭਰੀ ਮੇਲ ਮਿਲਣ ਸਾਰ ਹੀ ਮੈਂ ਪੁਲੀਸ ਕਮਿਸ਼ਨਰ ਨੂੰ ਸੂਚਿਤ ਕੀਤਾ। ਸਾਵਧਾਨੀ ਵਜੋਂ ਪੂਰੀ ਬਿਲਡਿੰਗ ਖ਼ਾਲੀ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।”
ਸੂਤਰਾਂ ਮੁਤਾਬਕ ਇਹ ਈਮੇਲ ਸੋਮਵਾਰ ਤੜਕੇ ‘ਜੈਨੀਫਰ ਸੈਨੂਟਾ’ ਨਾਂ ਦੀ ਆਈ.ਡੀ. ਤੋਂ ਆਈ ਸੀ, ਜਿਸਦਾ ਵਿਸ਼ਾ ”ਬੰਬ ਬਲਾਸਟ – ਮੇਅਰ ਆਫਿਸ” ਲੁਧਿਆਣਾ ਸੀ। ਮੇਲ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ 6 ਜੂਨ ਤੋਂ ਪਹਿਲਾਂ-ਪਹਿਲਾਂ ਵੱਡੇ ਬੰਬ ਧਮਾਕੇ ਕੀਤੇ ਜਾਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰ ਨੇ ਦੋਵਾਂ ਥਾਵਾਂ ਲਈ ਵੱਖ-ਵੱਖ ਸਮਾਂ ਤੈਅ ਕੀਤਾ ਹੈ। ਮੇਲ ਮੁਤਾਬਕ ਮੇਅਰ ਦਫ਼ਤਰ ਵਿਚ ਦੁਪਹਿਰ 1:11 ਵਜੇ ਅਤੇ ਦਿਲਜੀਤ ਦੋਸਾਂਝ ਦੇ ਲੁਧਿਆਣਾ ਸਥਿਤ ਘਰ ਵਿਖੇ ਰਾਤ 9:11 ਵਜੇ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਹੈ।