#CANADA

ਕੈਨੇਡਾ ‘ਚ ਟਰੱਕਿੰਗ ਕੰਪਨੀਆਂ ਨੂੰ ਨਿਸ਼ਾਨਾ ਬਣਾਕੇ ਵਸੂਲੀ ਕਰਨ ਵਾਲੇ 17 ਪੰਜਾਬੀ ਗ੍ਰਿਫ਼ਤਾਰ!

ਓਨਟਾਰੀਓ, 27 ਮਈ (ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਪੁਲਿਸ ਨੇ ਇੱਕ ਵੱਡੇ ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਖ਼ਿਲਾਫ਼ ਕਾਰਵਾਈ ਕਰਦਿਆਂ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪੰਜਾਬੀ ਮੂਲ ਦੇ ਹਨ। ਇਨ੍ਹਾਂ ‘ਤੇ ਟਰੱਕਿੰਗ ਕੰਪਨੀਆਂ, ਰੈਸਟੋਰੈਂਟਾਂ ਅਤੇ ਹੋਰ ਕਾਰੋਬਾਰਾਂ ਦੇ ਮਾਲਕਾਂ ਤੋਂ ਧਮਕੀਆਂ ਅਤੇ ਹਿੰਸਕ ਹਮਲਿਆਂ ਰਾਹੀਂ ਪੈਸੇ ਵਸੂਲਣ ਦੇ ਗੰਭੀਰ ਦੋਸ਼ ਹਨ।


ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 25 ਮਈ 2026 ਨੂੰ ਕੀਤੀ ਗਈ ਇਸ ਕਾਰਵਾਈ ਦੌਰਾਨ ਕੁੱਲ 106 ਅਪਰਾਧਿਕ ਦੋਸ਼ ਲਗਾਏ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਵਿਅਕਤੀਆਂ ਦੇ ਸਬੰਧ ”For Brothers” ਨਾਂ ਦੇ ਇੱਕ ਅੰਤਰਰਾਸ਼ਟਰੀ ਗਿਰੋਹ ਨਾਲ ਦੱਸੇ ਜਾ ਰਹੇ ਹਨ, ਜੋ ਕੈਨੇਡਾ ਅਤੇ ਅਮਰੀਕਾ ‘ਚ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ।
ਪੁਲਿਸ ਅਨੁਸਾਰ ਇਹ ਗਿਰੋਹ ਖ਼ਾਸ ਕਰਕੇ ਬਰੈਂਪਟਨ, ਮਿਸੀਸਾਗਾ, ਕੈਲੀਡਨ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਸਰਗਰਮ ਸੀ ਅਤੇ ਇਸਦੇ ਕੁਝ ਸੰਬੰਧ ਕੈਲੀਫੋਰਨੀਆ ਤੱਕ ਵੀ ਮਿਲੇ ਹਨ। ਗਿਰੋਹ ‘ਤੇ ਦੋਸ਼ ਹੈ ਕਿ ਉਹ ਕਾਰੋਬਾਰੀਆਂ ਨੂੰ ਫ਼ੋਨ ਕਾਲਾਂ, ਧਮਕੀਆਂ, ਗੋਲੀਬਾਰੀਆਂ ਅਤੇ ਅੱਗ ਲਗਾਉਣ ਵਰਗੀਆਂ ਘਟਨਾਵਾਂ ਰਾਹੀਂ ਡਰਾਉਂਦਾ ਸੀ।
ਪੁਲਿਸ ਨੇ ਦੱਸਿਆ ਕਿ ਜਿਹੜੇ ਟਰੱਕਿੰਗ ਜਾਂ ਰੈਸਟੋਰੈਂਟ ਕਾਰੋਬਾਰ ਮਾਲਕ ਪੈਸੇ ਦੇਣ ਤੋਂ ਇਨਕਾਰ ਕਰਦੇ ਸਨ, ਉਨ੍ਹਾਂ ਨੂੰ ਮੁੜ-ਮੁੜ ਨਿਸ਼ਾਨਾ ਬਣਾਇਆ ਜਾਂਦਾ ਸੀ। ਜਾਂਚ ਵਿਚ ਹੁਣ ਤੱਕ 24 ਘਟਨਾਵਾਂ ਨੂੰ ਇਸ ਗਿਰੋਹ ਨਾਲ ਜੋੜਿਆ ਗਿਆ ਹੈ, ਜਿਨ੍ਹਾਂ ਵਿਚ 16 ਹਿੰਸਕ ਵਾਰਦਾਤਾਂ ਸ਼ਾਮਲ ਹਨ। ਇਨ੍ਹਾਂ ਵਿਚ ਅੱਗਜ਼ਨੀ ਅਤੇ ਕਈ ਸ਼ੂਟਿੰਗਾਂ ਦੌਰਾਨ ਕੁੱਲ 324 ਗੋਲੀਆਂ ਚਲਾਈਆਂ ਗਈਆਂ।
ਇੱਕ ਮਾਮਲੇ ਵਿਚ ਦੋ ਮੁਲਜ਼ਮਾਂ ਨੇ ਪਹਿਲਾਂ ਕੈਲੀਡਨ ਵਿਚ ਇੱਕ ਰਿਹਾਇਸ਼ੀ ਘਰ ‘ਤੇ ਗੋਲੀਬਾਰੀ ਅਤੇ ਅੱਗਜ਼ਨੀ ਕੀਤੀ ਅਤੇ ਕੁਝ ਮਿੰਟਾਂ ਬਾਅਦ ਬਰੈਂਪਟਨ ਵਿਚ ਇੱਕ ਕਾਰੋਬਾਰ ਨੂੰ ਨਿਸ਼ਾਨਾ ਬਣਾਇਆ।
ਇਸ ਜਾਂਚ ਲਈ ਦਸੰਬਰ 2025 ‘ਚ ਇੱਕ ਸਾਂਝਾ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਅਤੇ ਕੈਨੇਡਾ ਦੀ ਵਿੱਤੀ ਨਿਗਰਾਨੀ ਏਜੰਸੀ ਫਿਨਟ੍ਰੈਕ ਵੀ ਸ਼ਾਮਲ ਸੀ।
ਅਪ੍ਰੈਲ 2026 ਵਿਚ ਕਈ ਥਾਵਾਂ ‘ਤੇ ਛਾਪੇ ਮਾਰਕੇ 17 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਇਸ ਦੌਰਾਨ 6 ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ ਫੋਨ, ਸਿਮ ਕਾਰਡ ਅਤੇ ਜਾਲਸਾਜ਼ੀ ਵਾਲੇ ਪਛਾਣ ਪੱਤਰ ਵੀ ਬਰਾਮਦ ਕੀਤੇ ਹਨ।
ਪੁਲਿਸ ਮੁਤਾਬਕ 6 ਵਿਅਕਤੀਆਂ ਖ਼ਿਲਾਫ਼ ਇਮੀਗ੍ਰੇਸ਼ਨ ਕਾਰਵਾਈ ਵੀ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਕੇਸ ਖ਼ਤਮ ਹੋਣ ਤੋਂ ਬਾਅਦ ਡਿਪੋਰਟ ਕੀਤਾ ਜਾ ਸਕਦਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਮੀਗ੍ਰੇਸ਼ਨ ਕਾਨੂੰਨਾਂ ਤਹਿਤ 6 ਲੋਕਾਂ ਨੂੰ ਹਿਰਾਸਤ ‘ਚ ਲਿਆ ਸੀ, ਜਿਨ੍ਹਾਂ ਵਿਚੋਂ ਤਿੰਨ ਨੂੰ ਦੇਸ਼ ਤੋਂ ਕੱਢਿਆ ਜਾ ਚੁੱਕਾ ਹੈ, ਦੋ ਹਾਲੇ ਹਿਰਾਸਤ ਵਿਚ ਹਨ ਅਤੇ ਇੱਕ ਵਿਅਕਤੀ ਨੂੰ ਸ਼ਰਤਾਂ ਨਾਲ ਰਿਹਾਅ ਕੀਤਾ ਗਿਆ ਹੈ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ‘ਚ ਇਕਬਾਲ ਸਿੰਘ ਬਰੈਂਪਟਨ (25), ਆਕਾਸ਼ਦੀਪ ਸਿੰਘ ਨੌਰਵਲ (24), ਰਾਵਿੰਦਰ ਸਿੰਘ ਸਰੀ (25), ਜਸ਼ਨਬੀਰ ਸਿੰਘ ਸਰੀ (21), ਦਿਲਾਵਰਪ੍ਰੀਤ ਸਿੰਘ ਬਰੈਂਪਟਨ (26), ਮਨਦੀਪ ਸਿੰਘ ਬਰੈਂਪਟਨ (21), ਪ੍ਰਭਦੀਪ ਸੋਹਲ ਬਰੈਂਪਟਨ (22), ਪ੍ਰਤਾਪਬੀਰ ਘੁੰਮਣ ਬਰੈਂਪਟਨ (22), ਅਜੇਦੀਪ ਸਿੰਘ ਬਰੈਂਪਟਨ (29), ਨਵਰੂਪ ਸਿੰਘ ਬਰੈਂਪਟਨ (24), ਬੈਰੀ ਦਾ ਰਾਜਨ ਸਿੰਘ (28), ਅੰਮ੍ਰਿਤਜੋਤ ਸਿੰਘ ਬਰੈਂਪਟਨ (22), ਜਸ਼ਨਪ੍ਰੀਤ ਸਿੰਘ ਬਰੈਂਪਟਨ (22), ਗੁਨੀਤ ਗੁਨੀਤ ਬਰੈਂਪਟਨ (27), ਸੁਖਵਿੰਦਰ ਸਿੰਘ ਬਰੈਂਪਟਨ (32), ਮੋਹਿੰਦਰ ਸਿੰਘ ਬਰੈਂਪਟਨ (30) ਅਤੇ ਕੈਲੀਫੋਰਨੀਆ ਦੇ ਮਨਟੀਕਾ ਦਾ ਗੌਤਮ ਗੌਤਮ (22) ਸ਼ਾਮਲ ਹਨ।
ਪੁਲਿਸ ਮੁਖੀ ਨਿਸ਼ਾਨ ਦੁਰਈਅੱਪਾ ਨੇ ਕਿਹਾ ਕਿ ਇਹ ਕਾਰਵਾਈ ਕਈ ਏਜੰਸੀਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਵਿਚ ਫੈਲੇ ਡਰ ਨੂੰ ਖ਼ਤਮ ਕਰਨ ਲਈ ਪੁਲਿਸ ਵਚਨਬੱਧ ਹੈ।
ਉੱਥੇ ਹੀ ਕੈਰਨ ਗੋਨੋ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਵਸੂਲੀ ਵਾਲੀਆਂ ਘਟਨਾਵਾਂ ਮੱਧ ਅਤੇ ਪੱਛਮੀ ਓਨਟਾਰੀਓ ‘ਚ ਲੋਕਾਂ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਰਹੀਆਂ ਹਨ ਅਤੇ ਪੁਲਿਸ ਇਨ੍ਹਾਂ ਗਿਰੋਹਾਂ ਨੂੰ ਪੂਰੀ ਤਰ੍ਹਾਂ ਤੋੜਨ ਲਈ ਕਾਰਵਾਈ ਜਾਰੀ ਰੱਖੇਗੀ।