#INDIA

200 ਕਰੋੜ ਦੀ ਫਿਰੌਤੀ ਦਾ ਮਾਮਲਾ: ਅਦਾਕਾਰਾ ਨੋਰਾ ਫਤੇਹੀ ਨੂੰ ਅਦਾਲਤ ਵੱਲੋਂ ਨਵੇਂ ਸੰਮਨ ਜਾਰੀ

ਨਵੀਂ ਦਿੱਲੀ, 3 ਨਵੰਬਰ (ਪੰਜਾਬ ਮੇਲ)- ਰੋਜ਼ ਐਵੇਨਿਊ ਅਦਾਲਤ ਨੇ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਫਿਰੌਤੀ ਮਾਮਲੇ ਵਿਚ ਬੌਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਸਰਕਾਰੀ ਗਵਾਹ ਵਜੋਂ ਪੇਸ਼ ਹੋਣ ਲਈ ਨਵੇਂ ਸੰਮਨ ਜਾਰੀ ਕੀਤੇ ਹਨ। ਵਿਸ਼ੇਸ਼ ਜੱਜ ਗਗਨਦੀਪ ਸਿੰਘ ਨੇ ਉਸ ਨੂੰ 6 ਨਵੰਬਰ ਨੂੰ ਅਦਾਲਤ ਵਿਚ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ ਹੈ।
ਸੁਣਵਾਈ ਦੌਰਾਨ ਜਦੋਂ ਨੋਰਾ ਫਤੇਹੀ ਦੇ ਵਕੀਲ ਨੇ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ, ਤਾਂ ਅਦਾਲਤ ਨੇ ਸਖ਼ਤ ਰੁਖ਼ ਅਪਣਾਉਂਦਿਆਂ ਫਿਟਕਾਰ ਲਗਾਈ ਅਤੇ ਕਿਹਾ, ”ਉਹ ਇੱਕ ਗਵਾਹ ਹੈ, ਉਸ ਦਾ ਇਹ ਰਵੱਈਆ ਠੀਕ ਨਹੀਂ ਹੈ। ਅਦਾਲਤ ਨੂੰ ਹਲਕੇ ਵਿਚ ਨਾ ਲਿਆ ਜਾਵੇ।”
ਇਹ ਮਾਮਲਾ ਰੋਹਿਣੀ ਜੇਲ੍ਹ ਵਿਚ ਬੰਦ ਸੁਕੇਸ਼ ਚੰਦਰਸ਼ੇਖਰ ਵੱਲੋਂ ਸੀਨੀਅਰ ਅਧਿਕਾਰੀ ਬਣ ਕੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਦੀ ਪਤਨੀ ਅਦਿਤੀ ਸਿੰਘ ਤੋਂ 200 ਕਰੋੜ ਰੁਪਏ ਵਸੂਲਣ ਨਾਲ ਸਬੰਧਤ ਹੈ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਯੂ.) ਨੇ ਇਸ ਮਾਮਲੇ ਵਿਚ ਮਕੋਕਾ ਤਹਿਤ ਦੋਸ਼-ਪੱਤਰ ਦਾਇਰ ਕੀਤਾ ਹੈ। ਪੁਲਿਸ ਨੇ ਨੋਰਾ ਫਤੇਹੀ ਦਾ ਧਾਰਾ 164 ਤਹਿਤ ਬਿਆਨ ਦਰਜ ਕਰਕੇ ਉਸ ਨੂੰ ਸਰਕਾਰੀ ਗਵਾਹ ਬਣਾਇਆ ਸੀ। ਨੌਰਾ ਨੇ ਦੱਸਿਆ ਸੀ ਕਿ ਉਸ ਦਾ ਸੁਕੇਸ਼ ਨਾਲ ਸੰਪਰਕ ਉਸ ਦੀ ਪਤਨੀ ਰਾਹੀਂ ਹੋਇਆ ਸੀ।