-ਪੁਲਿਸ ਨੂੰ ਹੋਰ ਪੀੜਤਾਂ ਦੇ ਹੋਣ ਦਾ ਵੀ ਖ਼ਦਸ਼ਾ; ਲੋਕਾਂ ਤੋਂ ਮੰਗੀ ਜਾਣਕਾਰੀ
ਬਰੈਂਪਟਨ, 3 ਨਵੰਬਰ (ਪੰਜਾਬ ਮੇਲ)- ਟੋਰਾਂਟੋ ਵਿਚ ਰਾਈਡ-ਸ਼ੇਅਰਿੰਗ ਗੱਡੀ ਦੀ ਸਵਾਰ ਮਹਿਲਾ ਨਾਲ ਜਿਨਸੀ ਛੇੜਛਾੜ ਅਤੇ ਉਸ ਨੂੰ ਬੰਧਕ ਬਣਾ ਕੇ ਰੱਖਣ ਦੇ ਦੋਸ਼ ਹੇਠ ਪੰਜਾਬੀ ਮੂਲ ਦੇ 32 ਸਾਲਾ ਬਰੈਂਪਟਨ ਨਿਵਾਸੀ ਸਾਹਿਬ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਟੋਰਾਂਟੋ ਪੁਲਿਸ ਮੁਤਾਬਕ ਇਹ ਘਟਨਾ ਸ਼ਨਿੱਚਰਵਾਰ, 31 ਅਕਤੂਬਰ 2026 ਨੂੰ ਰਾਤ ਲਗਪਗ 9:50 ਵਜੇ ਯੋਂਗ ਸਟਰੀਟ ਅਤੇ ਵੈਲੇਸਲੇ ਸਟਰਟੀਰ ਈਸਟ ਇਲਾਕੇ ਵਿਚ ਵਾਪਰੀ।
ਪੁਲਿਸ ਅਨੁਸਾਰ ਪੀੜਤਾ ਇੱਕ ਰਾਈਡ-ਸ਼ੇਅਰਿੰਗ ਗੱਡੀ ਵਿਚ ਸਵਾਰ ਹੋ ਕੇ ਅਗਲੀ ਸੀਟ ‘ਤੇ ਬੈਠੀ ਸੀ, ਜਿੱਥੇ ਚਾਲਕ ਨੇ ਉਸ ਨਾਲ ਜਿਨਸੀ ਛੇੜਛਾੜ ਕੀਤੀ।
ਜਦੋਂ ਗੱਡੀ ਆਪਣੀ ਮੰਜ਼ਿਲ ‘ਤੇ ਪਹੁੰਚੀ, ਤਾਂ ਔਰਤ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਡਰਾਈਵਰ ਨੇ ਉਸ ਨੂੰ ਜਾਣ ਤੋਂ ਰੋਕ ਲਿਆ ਅਤੇ ਉਸ ਨਾਲ ਮੁੜ ਜਿਨਸੀ ਛੇੜਛਾੜ ਕੀਤੀ।
ਇਸ ਤੋਂ ਬਾਅਦ ਪੀੜਤ ਔਰਤ ਕਿਸੇ ਤਰ੍ਹਾਂ ਗੱਡੀ ਵਿਚੋਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਈ, ਪਰ ਉਸ ਦਾ ਪਰਸ ਗੱਡੀ ਅੰਦਰ ਹੀ ਰਹਿ ਗਿਆ। ਦੋਸ਼ ਹੈ ਕਿ ਡਰਾਈਵਰ ਗੱਡੀ ਤੋਂ ਬਾਹਰ ਆਇਆ ਅਤੇ ਉਸ ਨੇ ਔਰਤ ਨਾਲ ਇੱਕ ਵਾਰ ਫਿਰ ਜਿਨਸੀ ਛੇੜਛਾੜ ਕੀਤੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ 32 ਸਾਲਾ ਸਾਹਿਬ ਬਰਾੜ ਵਜੋਂ ਹੋਈ ਹੈ। ਉਸ ‘ਤੇ ਜਿਨਸੀ ਛੇੜਛਾੜ ਦੇ ਦੋ ਦੋਸ਼ ਅਤੇ ਔਰਤ ਨੂੰ ਬੰਧਕ ਬਣਾਉਣ ਦਾ ਇੱਕ ਦੋਸ਼ ਲਗਾਇਆ ਗਿਆ ਹੈ।
ਮੁਲਜ਼ਮ ਨੂੰ ਟੋਰਾਂਟੋ ਰੀਜਨਲ ਬੇਲ ਸੈਂਟਰ (ਜ਼ਮਾਨਤ ਅਦਾਲਤ) ਵਿਚ ਪੇਸ਼ ਕੀਤਾ ਜਾਣਾ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਹੋਰ ਵੀ ਪੀੜਤ ਹੋ ਸਕਦੇ ਹਨ, ਇਸ ਲਈ ਉਨ੍ਹਾਂ ਨੇ ਆਮ ਜਨਤਾ ਤੋਂ ਜਾਣਕਾਰੀ ਮੰਗੀ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਕੇਸ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਟੋਰਾਂਟੋ ਪੁਲਿਸ ਨਾਲ ਸੰਪਰਕ ਕਰੇ।
ਬਰੈਂਪਟਨ ‘ਚ ਮਹਿਲਾ ਨਾਲ ਛੇੜਛਾੜ ਕਰਨ ਦੇ ਦੋਸ਼ ‘ਚ ਪੰਜਾਬੀ ਗ੍ਰਿਫਤਾਰ

