ਵਾਸ਼ਿੰਗਟਨ, 4 ਸਤੰਬਰ (ਪੰਜਾਬ ਮੇਲ)- ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਐਨਫੋਰਸਮੈਂਟ ਮੁਹਿੰਮ ਹੋਰ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਨੇ 2 ਸਤੰਬਰ 2026 ਨੂੰ ਜਾਰੀ ਕੀਤੀ ਤਾਜ਼ਾ ਜਾਣਕਾਰੀ ਵਿਚ ਕਿਹਾ ਹੈ ਕਿ ਆਈਸ ਵੱਲੋਂ ਅਗਸਤ ਮਹੀਨੇ ਦੌਰਾਨ ਕੀਤੀਆਂ ਗ੍ਰਿਫ਼ਤਾਰੀਆਂ ਨੇ ਨਵਾਂ ਰਿਕਾਰਡ ਬਣਾਇਆ ਹੈ। ਡੀ.ਐੱਚ.ਐੱਸ. ਮੁਤਾਬਕ ਇਹ ਲਗਾਤਾਰ ਤੀਜਾ ਮਹੀਨਾ ਹੈ, ਜਦੋਂ ਆਈਸ ਨੇ ਗ੍ਰਿਫ਼ਤਾਰੀਆਂ ਦਾ ਨਵਾਂ ਰਿਕਾਰਡ ਬਣਾਇਆ।
ਇਹ ਅੰਕੜੇ ਇਸ ਗੱਲ ਦਾ ਸੰਕੇਤ ਹਨ ਕਿ ਅਮਰੀਕਾ ਅੰਦਰ ਇਮੀਗ੍ਰੇਸ਼ਨ ਇਨਫੋਰਸਮੈਂਟ ਹੁਣ ਸਰਹੱਦ ਤੱਕ ਸੀਮਤ ਨਹੀਂ ਹੈ। ਆਈਸ ਦੀਆਂ ਕਾਰਵਾਈਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੀਆਂ ਹਨ ਅਤੇ ਪ੍ਰਸ਼ਾਸਨ ਉਨ੍ਹਾਂ ਲੋਕਾਂ ਦੀ ਪਛਾਣ, ਗ੍ਰਿਫ਼ਤਾਰੀ ਅਤੇ ਹਟਾਉਣ ਨੂੰ ਆਪਣੀ ਮੁੱਖ ਇਮੀਗ੍ਰੇਸ਼ਨ ਨੀਤੀ ਦਾ ਹਿੱਸਾ ਬਣਾ ਰਿਹਾ ਹੈ, ਜਿਨ੍ਹਾਂ ਨੂੰ ਸਰਕਾਰ ਦੇਸ਼ ਵਿਚ ਗੈਰਕਾਨੂੰਨੀ ਤੌਰ ‘ਤੇ ਰਹਿ ਰਿਹਾ ਮੰਨਦੀ ਹੈ।
ਡੀ.ਐੱਚ.ਐੱਸ. ਨੇ ਆਪਣੀ ਤਾਜ਼ਾ ਰਿਲੀਜ਼ ਵਿੱ ਗ੍ਰਿਫ਼ਤਾਰ ਕੀਤੇ ਲੋਕਾਂ ਵਿਚ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਦੇ ਕਈ ਮਾਮਲਿਆਂ ਨੂੰ ਖਾਸ ਤੌਰ ‘ਤੇ ਉਭਾਰਿਆ ਹੈ। ਹਾਲਾਂਕਿ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਆਈਸ ਵੱਲੋਂ ਗ੍ਰਿਫ਼ਤਾਰੀ ਆਪਣੇ ਆਪ ਵਿਚ ਕਿਸੇ ਵਿਅਕਤੀ ਦੇ ਅੰਤਿਮ ਡਿਪੋਰਟੇਸ਼ਨ ਆਰਡਰ ਦੇ ਬਰਾਬਰ ਨਹੀਂ ਹੁੰਦੀ। ਵਿਅਕਤੀ ਦੀ ਇਮੀਗ੍ਰੇਸ਼ਨ ਸਟੇਟਸ, ਪਹਿਲਾਂ ਦੇ ਕੋਰਟ ਆਰਡਰ ਅਤੇ ਉਸ ਕੋਲ ਉਪਲਬਧ ਕਾਨੂੰਨੀ ਰਾਹਤ ਦੇ ਆਧਾਰ ‘ਤੇ ਅਗਲੀ ਪ੍ਰਕਿਰਿਆ ਵੱਖਰੀ ਹੋ ਸਕਦੀ ਹੈ।
ਇਹ ਨਵਾਂ ਅੰਕੜਾ ਉਹਨਾਂ ਪਰਵਾਸੀ ਪਰਿਵਾਰਾਂ ਲਈ ਖਾਸ ਮਹੱਤਵ ਰੱਖਦਾ ਹੈ, ਜਿਨ੍ਹਾਂ ਦੇ ਇਮੀਗ੍ਰੇਸ਼ਨ ਕੇਸ ਅਜੇ ਪੈਂਡਿੰਗ ਹਨ ਜਾਂ ਜਿਨ੍ਹਾਂ ਖ਼ਿਲਾਫ਼ ਪਹਿਲਾਂ ਹਟਾਉਣ ਦੀਆਂ ਕਾਰਵਾਈਆਂ ਚੱਲ ਚੁੱਕੀਆਂ ਹਨ।
ਅਗਸਤ ਦੀਆਂ ਰਿਕਾਰਡ ਗ੍ਰਿਫ਼ਤਾਰੀਆਂ ਤੋਂ ਇਹ ਸਪੱਸ਼ਟ ਹੈ ਕਿ ਇਮੀਗ੍ਰੇਸ਼ਨ ਇਨਫੋਰਸਮੈਂਟ ਵਿਚ ਨਰਮੀ ਦੀ ਬਜਾਏ ਹੋਰ ਸਖ਼ਤੀ ਦਾ ਰੁਝਾਨ ਜਾਰੀ ਹੈ।
ਅਮਰੀਕਾ ‘ਚ ਆਈਸ ਦੀ ਕਾਰਵਾਈ ਹੋਰ ਤੇਜ਼; ਅਗਸਤ ਵਿਚ ਗ੍ਰਿਫ਼ਤਾਰੀਆਂ ਦਾ ਨਵਾਂ ਰਿਕਾਰਡ

