ਨਵੀਂ ਦਿੱਲੀ, 3 ਸਤੰਬਰ (ਪੰਜਾਬ ਮੇਲ)- ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਦਿੱਲੀ ‘ਚ ਇਕ ਉੱਚ-ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਰਾਹੁਲ ਗਾਂਧੀ ਦੀ ਬੱਸ ਯਾਤਰਾ ਨੂੰ ਲੈ ਕੇ ਵਿਸ਼ੇਸ਼ ਮੰਥਨ ਕੀਤਾ ਗਿਆ। ਇਸ ਮੀਟਿੰਗ ‘ਚ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਮੁੱਖ ਆਗੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਹਾਲਾਂਕਿ ਇਸ ਅਹਿਮ ਬੈਠਕ ਦੌਰਾਨ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਗੈਰ-ਹਾਜ਼ਰ ਰਹੇ।
ਜਾਣਕਾਰੀ ਮੁਤਾਬਕ ਦਿੱਲੀ ਵਿਖੇ ਅਸ਼ੋਕਾ ਹੋਟਲ ਵਿਚ ਕੀਤੀ ਗਈ ਮੀਟਿੰਗ ਦੌਰਾਨ ਸੂਬੇ ‘ਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ, ਆਗਾਮੀ ਸਿਆਸੀ ਰਣਨੀਤੀਆਂ ਅਤੇ ਪਾਰਟੀ ਦੇ ਅੰਦਰੂਨੀ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੰਥਨ ਦੌਰਾਨ ਪੰਜਾਬ ਕਾਂਗਰਸ ਦੇ ਕੋ-ਇੰਚਾਰਜ ਸੂਰਜ ਸਿੰਘ ਠਾਕੁਰ ਵੀ ਮੌਜੂਦ ਰਹੇ। ਸੂਤਰਾਂ ਮੁਤਾਬਕ ਪਾਰਟੀ ਹਾਈਕਮਾਨ ਅਤੇ ਇੰਚਾਰਜ ਭੂਪੇਸ਼ ਬਘੇਲ ਵੱਲੋਂ ਪੰਜਾਬ ਦੇ ਨੇਤਾਵਾਂ ਨਾਲ ਇੱਕਜੁੱਟਤਾ ਨਾਲ ਕੰਮ ਕਰਨ ਅਤੇ ਆਪਸੀ ਮਤਭੇਦਾਂ ਨੂੰ ਸੁਲਝਾਉਣ ‘ਤੇ ਜ਼ੋਰ ਦਿੱਤਾ ਗਿਆ।
ਮੀਟਿੰਗ ਮਗਰੋਂ ਭੁਪੇਸ਼ ਬਘੇਲ ਨੇ ਕਿਹਾ ਕਿ ਮੀਟਿੰਗ ਵਿਚ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਚਰਚਾ ਕੀਤੀ ਗਈ ਹੈ, ਜਿਸ ਸਬੰਧੀ ਇਕ ਪ੍ਰਸਤਾਵ ਬਣਾ ਕੇ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਗਿਆ ਹੈ ਅਤੇ ਹੁਣ ਰਾਹੁਲ ਗਾਂਧੀ ਦੀ ਟੀਮ ਆਪਣੇ ਸ਼ੈਡਿਊਲ ਮੁਤਾਬਕ ਤਾਰੀਖ਼ਾਂ ਨੂੰ ਅੰਤਿਮ ਰੂਪ ਦੇਵੇਗੀ। ਹਾਲਾਂਕਿ ਇਸ ਬੈਠਕ ‘ਚ ਯਾਤਰਾ ਦੀ ਅੰਤਿਮ ਤਾਰੀਖ਼ ਤੈਅ ਨਹੀਂ ਹੋ ਸਕੀ ਹੈ ਪਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਦੌਰਾ 10 ਸਤੰਬਰ ਤੋਂ ਬਾਅਦ ਹੋਵੇਗਾ। ਉਥੇ ਹੀ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਮੀਟਿੰਗ ‘ਚ ਸ਼ਾਮਲ ਨਾ ਹੋਣ ਕਾਰਨ ਪਾਰਟੀ ਦੇ ਅੰਦਰੂਨੀ ਖਿੱਚੋਂਤਾਣ ਦੀਆਂ ਅਟਕਲਾਂ ਨੇ ਜ਼ੋਰ ਫੜ ਲਿਆ।
ਪੰਜਾਬ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੀ ਟੀਮ ਨੂੰ ਤਿੰਨ ਵੱਖ-ਵੱਖ ਰੂਟ ਪ੍ਰਸਤਾਵ (ਪ੍ਰਪੋਜ਼ਲ) ਦਿੱਤੇ ਗਏ ਹਨ, ਜਿਨ੍ਹਾਂ ਵਿਚ
ਪਹਿਲਾ ਪ੍ਰਸਤਾਵ (2 ਦਿਨ ਦਾ ਦੌਰਾ)- ਇਹ ਯਾਤਰਾ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ੁਰੂ ਹੋ ਕੇ ਤਰਨਤਾਰਨ, ਫਿਰੋਜ਼ਪੁਰ, ਬਠਿੰਡਾ ਸਮੇਤ ਮਾਲਵਾ ਦੇ ਕੁਝ ਜ਼ਿਲ੍ਹਿਆਂ ਨੂੰ ਕਵਰ ਕਰੇਗੀ ਅਤੇ ਦੂਜੇ ਦਿਨ ਲੁਧਿਆਣਾ ਤੋਂ ਹੁੰਦੇ ਹੋਏ ਫਤਹਿਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗੀ।
ਦੂਜਾ ਪ੍ਰਸਤਾਵ (4 ਦਿਨ ਦਾ ਦੌਰਾ)- ਇਸ ਯੋਜਨਾ ਤਹਿਤ ਪੰਜਾਬ ਦੇ ਤਿੰਨੋਂ ਖੇਤਰ, ਮਾਲਵਾ, ਦੋਆਬਾ ਅਤੇ ਮਾਝਾ ‘ਚ ਬੱਸ ਯਾਤਰਾ ਕੱਢੀ ਜਾਵੇਗੀ।
ਤੀਜਾ ਪ੍ਰਸਤਾਵ (6 ਦਿਨ ਦਾ ਦੌਰਾ)- ਇਸ ਦੇ ਤਹਿਤ ਰਾਹੁਲ ਗਾਂਧੀ 3 ਦਿਨ ਮਾਲਵਾ ‘ਚ ਅਤੇ ਬਾਕੀ 3 ਦਿਨ ਦੋਆਬਾ ਤੇ ਮਾਝਾ ਵਿਚ ਬਿਤਾਉਣਗੇ।
ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਦਿੱਲੀ ‘ਚ ਉੱਚ-ਪੱਧਰੀ ਮੀਟਿੰਗ; ਚੰਨੀ ਗੈਰ-ਹਾਜ਼ਰ

