ਵਾਸ਼ਿੰਗਟਨ, 29 ਅਗਸਤ (ਪੰਜਾਬ ਮੇਲ)- ਨੇਪਾਲ-ਤਿੱਬਤ ਸਰਹੱਦ ‘ਤੇ ਆਏ ਭਿਆਨਕ ਹੜ੍ਹ ਤੋਂ ਬਾਅਦ ਭਾਰਤ ਵਾਂਗ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨੇਪਾਲ ਨੂੰ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਹੈ। ਵ੍ਹਾਈਟ ਹਾਊਸ ਵਿਖੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ, ”ਅਸੀਂ ਨੇਪਾਲ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਹਰ ਉਸ ਮਦਦ ਦੀ ਪੇਸ਼ਕਸ਼ ਕੀਤੀ ਹੈ, ਜਿਸ ਦੀ ਉਨ੍ਹਾਂ ਨੂੰ ਲੋੜ ਹੈ।”
ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ ਇਸ ਭਿਆਨਕ ਹੜ੍ਹ ਕਾਰਨ ਲਗਭਗ 90 ਅਮਰੀਕੀ ਨਾਗਰਿਕ ਪ੍ਰਭਾਵਿਤ ਹੋ ਸਕਦੇ ਹਨ। ਹਾਲਾਂਕਿ, ਰਾਹਤ ਦੀ ਖ਼ਬਰ ਇਹ ਹੈ ਕਿ ਹੁਣ ਤੱਕ ਤਿੰਨ ਅਮਰੀਕੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਵੀਰਵਾਰ ਸਵੇਰੇ 8 ਵਜੇ (ਈਸਟਰਨ ਟਾਈਮ) ਤੱਕ ਕਿਸੇ ਵੀ ਅਮਰੀਕੀ ਨਾਗਰਿਕ ਦੀ ਮੌਤ ਹੋਣ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ।
ਅਮਰੀਕਾ ਵੱਲੋਂ ਹੜ੍ਹ ਪ੍ਰਭਾਵਿਤ ਭਾਈਚਾਰਿਆਂ ਦੀ ਤੁਰੰਤ ਮਦਦ ਲਈ ‘ਕੈਥੋਲਿਕ ਰਿਲੀਫ਼ ਸਰਵਿਸਿਜ਼’ ਰਾਹੀਂ 5,00,000 ਅਮਰੀਕੀ ਡਾਲਰ (4 ਕਰੋੜ 15 ਲੱਖ ਰੁਪਏ) ਦੀ ਐਮਰਜੈਂਸੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਹ ਫੰਡ ਪ੍ਰਭਾਵਿਤ ਲੋਕਾਂ ਨੂੰ ਐਮਰਜੈਂਸੀ ਰਹਿਣ-ਸਹਿਣ, ਰਾਹਤ ਸਮੱਗਰੀ, ਸਾਫ਼ ਪਾਣੀ, ਸਿਹਤ ਅਤੇ ਸਾਫ਼-ਸਫ਼ਾਈ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਰਤਿਆ ਜਾਵੇਗਾ। ਇਸ ਦੇ ਨਾਲ ਹੀ ਅਮਰੀਕਾ ਨੇ ਖੇਤਰ ਵਿਚ ਇੱਕ ਆਫ਼ਤ ਪ੍ਰਬੰਧਨ ਸਲਾਹਕਾਰ ਵੀ ਤਾਇਨਾਤ ਕੀਤਾ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਅਨੁਸਾਰ ਨੇਪਾਲ ਦੀ ਅਗਵਾਈ ਵਿਚ ਬਚਾਅ ਅਤੇ ਭਾਲ ਮੁਹਿੰਮ ਲਗਾਤਾਰ ਜਾਰੀ ਹੈ। ਨੇਪਾਲ ਅਤੇ ਚੀਨ ਵਿਚ ਸਥਿਤ ਅਮਰੀਕੀ ਦੂਤਾਵਾਸ ਸਥਾਨਕ ਟੂਰ ਆਪਰੇਟਰਾਂ ਅਤੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਪ੍ਰਭਾਵਿਤ ਇਲਾਕਿਆਂ ਵਿਚ ਮੌਜੂਦ ਅਮਰੀਕੀਆਂ ਦੀ ਮਦਦ ਲਈ ਲਗਾਤਾਰ ਕੰਮ ਕਰ ਰਹੇ ਹਨ। ਵਿਦੇਸ਼ ਵਿਭਾਗ ਨੇ ਪ੍ਰਭਾਵਿਤ ਖੇਤਰਾਂ ਵਿਚ ਮੌਜੂਦ ਆਪਣੇ ਨਾਗਰਿਕਾਂ ਨੂੰ ਸਥਾਨਕ ਖ਼ਬਰਾਂ ‘ਤੇ ਨਜ਼ਰ ਰੱਖਣ, ਸਥਾਨਕ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਸਮਾਰਟ ਟ੍ਰੈਵਲਰ ਐਨਰੋਲਮੈਂਟ ਪ੍ਰੋਗਰਾਮ (S“5P) ਵਿਚ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ।
ਮਦਦ ਲਈ ਐਮਰਜੈਂਸੀ ਸੰਪਰਕ ਨੰਬਰ:
ਕਾਠਮੰਡੂ ਸਥਿਤ ਅਮਰੀਕੀ ਦੂਤਾਵਾਸ (ਈਮੇਲ): Kathmandu13S0state.gov
ਅਮਰੀਕਾ ਅਤੇ ਕੈਨੇਡਾ ਤੋਂ ਹੈਲਪਲਾਈਨ: 1-888-407-4747
ਹੋਰਨਾਂ ਦੇਸ਼ਾਂ ਤੋਂ ਹੈਲਪਲਾਈਨ: 1-202-501-4444
ਨੇਪਾਲ ਹੜ੍ਹ: ਟਰੰਪ ਨੇ 5 ਲੱਖ ਡਾਲਰ ਦੀ ਐਮਰਜੈਂਸੀ ਸਹਾਇਤਾ ਦਾ ਕੀਤਾ ਐਲਾਨ

