-ਪਰਵਾਸ ਸ਼੍ਰੇਣੀਆਂ ਵਿਚ ਵੀ ਭਾਰਤੀ ਨਾਗਰਿਕਾਂ ਨੂੰ ਸਭ ਤੋਂ ਵੱਧ ‘ਵਿਜ਼ਟਰ ਵੀਜ਼ਾ’ ਹੋਏ ਜਾਰੀ
ਲੰਡਨ, 29 ਅਗਸਤ (ਪੰਜਾਬ ਮੇਲ)- ਬਰਤਾਨੀਆ ਵਿਚ ਵੱਸਣ ਅਤੇ ਨਾਗਰਿਕਤਾ ਪ੍ਰਾਪਤ ਕਰਨ ਦੇ ਇੱਛੁਕ ਲੋਕਾਂ ਵਿਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵੱਧ ਰਹੀ। ਵੀਰਵਾਰ ਨੂੰ ਜਾਰੀ ਗ੍ਰਹਿ ਦਫ਼ਤਰ ਦੇ ਅਧਿਕਾਰਤ ਅੰਕੜਿਆਂ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਬਰਤਾਨੀਆ ਵਿਚ ਸਥਾਈ ਤੌਰ ‘ਤੇ ਵੱਸਣ ਦੇ ਅਧਿਕਾਰ ਨਾਲ ਜੁੜੇ ਨਿਯਮਾਂ ਤਹਿਤ, ਵਰਤਮਾਨ ਵਿਚ ਵੈਧ ਵੀਜ਼ਾ ਵਾਲੇ ਲੋਕਾਂ ਨੂੰ ਪੰਜ ਸਾਲ ਬਾਅਦ ਇਹ ਅਧਿਕਾਰ ਮਿਲ ਜਾਂਦਾ ਹੈ। ਪਰ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਦੇ ਪ੍ਰਸਤਾਵਾਂ ਤਹਿਤ ਇਸ ਮਿਆਦ ਨੂੰ ਇਸ ਸਾਲ ਦੇ ਅੰਤ ਤੋਂ ਵਧਾ ਕੇ ਦੁੱਗਣਾ ਕਰਨ ਦਾ ਪ੍ਰਸਤਾਵ ਹੈ।
ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਜਾਰੀ ਕੀਤੇ ਗਏ ਇਮੀਗ੍ਰੇਸ਼ਨ ਸੰਬੰਧੀ ਨਵੀਨਤਮ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਨਿਸ਼ਚਿਤਕਾਲੀਨ ਨਿਵਾਸ ਆਗਿਆ (ਆਈ.ਐੱਲ.ਆਰ.) ਦੇ ਅਰਜ਼ੀ ਮਨਜ਼ੂਰ ਹੋਣ ਵਿਚ 24 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਨੂੰ ਸਥਾਈ ਨਿਵਾਸ ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਨਾਲ ਅੱਗੇ ਚੱਲ ਕੇ ਬ੍ਰਿਟਿਸ਼ ਨਾਗਰਿਕਤਾ ਲਈ ਅਰਜ਼ੀ ਦੇਣ ਦਾ ਰਸਤਾ ਵੀ ਖੁੱਲ੍ਹਦਾ ਹੈ।
ਗ੍ਰਹਿ ਦਫ਼ਤਰ ਮੁਤਾਬਕ, ਜੂਨ 2026 ਨੂੰ ਖ਼ਤਮ ਹੋਏ ਸਾਲ ਦੌਰਾਨ ਭਾਰਤੀ ਨਾਗਰਿਕ ਸਥਾਈ ਨਿਵਾਸ ਦੀ ਮਨਜ਼ੂਰੀ ਲੈਣ ਵਾਲਾ ਸਭ ਤੋਂ ਵੱਡਾ ਕੌਮੀ ਸਮੂਹ ਬਣੇ ਰਹੇ ਹਨ। ਇਸ ਸਮੇਂ ਦੌਰਾਨ 35,384 ਭਾਰਤੀ ਨਾਗਰਿਕਾਂ ਨੂੰ ਸਥਾਈ ਨਿਵਾਸ ਦੀ ਮਨਜ਼ੂਰੀ ਮਿਲੀ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 51 ਫ਼ੀਸਦੀ ਜ਼ਿਆਦਾ ਹੈ।
ਦਫ਼ਤਰ ਨੇ ਕਿਹਾ, ”ਇਹ ਮੁੱਖ ਤੌਰ ‘ਤੇ ਉਨ੍ਹਾਂ ਭਾਰਤੀ ਨਾਗਰਿਕਾਂ ਦੀ ਵਧਦੀ ਗਿਣਤੀ ਨੂੰ ਦਰਸਾਉਂਦਾ ਹੈ, ਜੋ ਹਾਲ ਹੀ ਦੇ ਸਾਲਾਂ ਵਿਚ ਰੁਜ਼ਗਾਰ ਦੇ ਮਾਧਿਅਮ ਰਾਹੀਂ ਬਰਤਾਨੀਆ ਆਏ ਸਨ ਅਤੇ ਹੁਣ ਸਥਾਈ ਨਿਵਾਸ ਲਈ ਲੋੜੀਂਦੀ ਲਗਾਤਾਰ ਨਿਵਾਸ ਦੀ ਨਿਰਧਾਰਤ ਮਿਆਦ ਪੂਰੀ ਕਰ ਚੁੱਕੇ ਹਨ।”
ਅੰਕੜਿਆਂ ਅਨੁਸਾਰ 2025 ਤੋਂ 2026 ਦੀ ਮਿਆਦ ਵਿਚ ਬ੍ਰਿਟਿਸ਼ ਨਾਗਰਿਕਤਾ ਪ੍ਰਾਪਤ ਕਰਨ ਵਾਲਿਆਂ ਵਿਚ ਭਾਰਤੀ ਨਾਗਰਿਕ 24,851 ਦੇ ਨਾਲ ਸਭ ਤੋਂ ਵੱਡਾ ਕੌਮੀ ਸਮੂਹ ਰਹੇ, ਜਦੋਂ ਕਿ ਪਾਕਿਸਤਾਨੀ ਨਾਗਰਿਕ 18,489 ਦੇ ਨਾਲ ਦੂਜੇ ਸਥਾਨ ‘ਤੇ ਰਹੇ।
ਇਸ ਹਫ਼ਤੇ ਜਾਰੀ ਅੰਕੜਿਆਂ ਵਿਚ ਸ਼ਾਮਲ ਹੋਰ ਪਰਵਾਸ ਸ਼੍ਰੇਣੀਆਂ ਵਿਚ ਵੀ ਭਾਰਤੀ ਨਾਗਰਿਕਾਂ ਨੂੰ ਸਭ ਤੋਂ ਵੱਧ ‘ਵਿਜ਼ਟਰ ਵੀਜ਼ਾ’ ਜਾਰੀ ਕੀਤੇ ਗਏ, ਜਿਨ੍ਹਾਂ ਦੀ ਗਿਣਤੀ 5,14,398 ਰਹੀ। ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਨੌਂ ਪ੍ਰਤੀਸ਼ਤ ਘੱਟ ਹੈ।
ਬਰਤਾਨੀਆ ‘ਚ ਸਥਾਈ ਨਿਵਾਸ ਅਤੇ ਨਾਗਰਿਕਤਾ ਪ੍ਰਾਪਤ ਕਰਨ ਦੇ ਮਾਮਲੇ ਵਿਚ ਭਾਰਤੀ ਸਭ ਤੋਂ ਅੱਗੇ

