”ਭਾਰਤ ਨੇਪਾਲ ਨੂੰ ਹਰ ਸੰਭਵ ਸਹਾਇਤਾ ਦੇਣੀ ਜਾਰੀ ਰੱਖੇਗਾ”
ਨਵੀਂ ਦਿੱਲੀ, 27 ਅਗਸਤ (ਪੰਜਾਬ ਮੇਲ)- ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਨੇਪਾਲ ਵਿਚ ਅਚਾਨਕ ਆਏ ਹੜ੍ਹਾਂ ਤੋਂ ਬਾਅਦ 288 ਭਾਰਤੀ ਅਜੇ ਵੀ ਲਾਪਤਾ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਲਾਪਤਾ ਹੋਏ ਭਾਰਤੀਆਂ ਵਿਚ ਉਹ ਲੋਕ ਸ਼ਾਮਲ ਹਨ, ਜੋ ਪਣ-ਬਿਜਲੀ ਪ੍ਰਾਜੈਕਟਾਂ ‘ਤੇ ਕੰਮ ਕਰ ਰਹੇ ਸਨ ਅਤੇ ਨਾਲ ਹੀ ਸੈਲਾਨੀਆਂ ਦੇ ਸਮੂਹ ਵੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ 21 ਲੋਕਾਂ ਨੂੰ ਬਚਾ ਲਿਆ ਗਿਆ ਹੈ। ਜੈਸਵਾਲ ਨੇ ਕਿਹਾ ਕਿ ਤਿੱਬਤ ਵਿਚ ਵੀ ਲਗਪਗ 200 ਭਾਰਤੀਆਂ ਨੇ ਭਾਰਤ ਤੋਂ ਸਹਾਇਤਾ ਮੰਗੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਅਚਾਨਕ ਆਏ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਨੇਪਾਲ ਨੂੰ ਹਰ ਸੰਭਵ ਸਹਾਇਤਾ ਦੇਣੀ ਜਾਰੀ ਰੱਖੇਗਾ।
ਜੈਸਵਾਲ ਨੇ ਕਿਹਾ, ”288 ਭਾਰਤੀ ਨਾਗਰਿਕ ਅਜਿਹੇ ਹਨ, ਜਿਨ੍ਹਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ। ਇਨ੍ਹਾਂ ਵਿਚ 73 ਭਾਰਤੀ ਨਾਗਰਿਕ ਉਹ ਹਨ, ਜੋ ਤ੍ਰਿਸ਼ੂਲੀ ਵਨ ਪਾਵਰ ਪ੍ਰਾਜੈਕਟ ‘ਤੇ ਕੰਮ ਕਰ ਰਹੇ ਸਨ। ਕਾਠਮੰਡੂ ਵਿਚ ਸਾਡਾ ਦੂਤਾਵਾਸ ਇਨ੍ਹਾਂ ਲੋਕਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰਾਜੈਕਟ ਮੁਖੀ ਦੇ ਸੰਪਰਕ ਵਿਚ ਹੈ।”
ਉਨ੍ਹਾਂ ਕਿਹਾ, ”ਭਾਰਤ ਇਸ ਮੁਸ਼ਕਲ ਸਮੇਂ ਵਿੱਚ ਨੇਪਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਅਸੀਂ ਉਸ ਦੇਸ਼ ਦੀਆਂ ਲੋੜਾਂ ਅਨੁਸਾਰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਾਂ।”
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਨੇਪਾਲ ਦੇ ਤਿੰਨ ਜ਼ਿਲ੍ਹਿਆਂ ਵਿਚ ਅਚਾਨਕ ਆਏ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਨੇਪਾਲ ਵਿਚ ਹਜ਼ਾਰਾਂ ਲਾਪਤਾ ਲੋਕਾਂ ਨੂੰ ਲੱਭਣ ਲਈ ਤਲਾਸ਼ ਜਾਰੀ ਹੈ।
ਨੇਪਾਲ ਵਿਚ 288 ਭਾਰਤੀ ਲਾਪਤਾ, ਤਾਮਿਲਨਾਡੂ ਦੇ 21 ਲੋਕਾਂ ਨੂੰ ਬਚਾਇਆ ਗਿਆ: ਵਿਦੇਸ਼ ਮੰਤਰਾਲਾ

