ਕਾਠਮੰਡੂ, 27 ਅਗਸਤ (ਪੰਜਾਬ ਮੇਲ)- ਨੇਪਾਲ ਵਿਚ ਬੁੱਧਵਾਰ ਨੂੰ ਆਏ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 359 ਹੋ ਗਈ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਬਚਾਅ ਟੀਮਾਂ ਨੇ ਪ੍ਰਭਾਵਿਤ ਜ਼ਿਲ੍ਹਿਆਂ ਵਿਚੋਂ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।
ਤਿੱਬਤ ਤੋਂ ਅਚਾਨਕ ਆਏ ਭਿਆਨਕ ਹੜ੍ਹਾਂ ਨੇ ਬੁੱਧਵਾਰ ਨੂੰ ਮੱਧ ਨੇਪਾਲ ਦੇ ਕਈ ਕਸਬਿਆਂ ਅਤੇ ਪਿੰਡਾਂ ਵਿਚ ਭਾਰੀ ਤਬਾਹੀ ਮਚਾਈ। ਹੜ੍ਹ ਦੇ ਤੇਜ਼ ਵਹਾਅ ਵਿਚ ਮਹੱਤਵਪੂਰਨ ਪੁਲ ਰੁੜ੍ਹ ਗਏ ਅਤੇ ਲਗਪਗ ਇੱਕ ਦਰਜਨ ਪਣ-ਬਿਜਲੀ ਪ੍ਰਾਜੈਕਟ ਠੱਪ ਹੋ ਗਏ। ਹੜ੍ਹਾਂ ਦਾ ਪਾਣੀ ਕਈ ਜ਼ਿਲ੍ਹਿਆਂ ਵਿਚ ਫੈਲ ਗਿਆ।
ਨੇਪਾਲ ਫ਼ੌਜ ਅਤੇ ਹੋਰ ਸੁਰੱਖਿਆ ਏਜੰਸੀਆਂ ਰਸੁਵਾ, ਧਾਦਿੰਗ, ਨੁਵਾਕੋਟ ਅਤੇ ਚਿਤਵਨ ਸਮੇਤ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਖੋਜ ਅਤੇ ਬਚਾਅ ਮੁਹਿੰਮ ਚਲਾ ਰਹੀਆਂ ਹਨ। ਨੇਪਾਲ ਪੁਲਿਸ ਦੇ ਬੁਲਾਰੇ ਅਭਿ ਨਾਰਾਇਣ ਕਾਫਲੇ ਦੇ ਅਨੁਸਾਰ, ਚਿਤਵਨ ਜ਼ਿਲ੍ਹੇ ਵਿਚੋਂ ਸਭ ਤੋਂ ਵੱਧ 132 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹੜ੍ਹ ਰਸੁਵਾ ਅਤੇ ਹੋਰ ਜ਼ਿਲ੍ਹਿਆਂ ਵਿਚੋਂ ਹੁੰਦੇ ਹੋਏ ਤ੍ਰਿਸ਼ੂਲੀ ਅਤੇ ਨਾਰਾਇਣੀ ਨਦੀ ਦੇ ਰਸਤੇ ਹੇਠਲੇ ਇਲਾਕਿਆਂ ਵਿਚ ਪਹੁੰਚਿਆ, ਜਿਸ ਨਾਲ ਪਣ-ਬਿਜਲੀ ਪ੍ਰਾਜੈਕਟਾਂ, ਬਸਤੀਆਂ, ਸੜਕਾਂ, ਪੁਲਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ। ਅੰਕੜਿਆਂ ਅਨੁਸਾਰ, ਅਚਾਨਕ ਆਏ ਹੜ੍ਹ ਵਿਚ ਲਗਪਗ 826 ਲੋਕ ਲਾਪਤਾ ਹਨ, ਜਿਨ੍ਹਾਂ ਵਿਚੋਂ 590 ਸੈਲਾਨੀ ਹਨ। ਉੱਥੇ ਹੀ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਲਾਪਤਾ ਲੋਕਾਂ ਵਿਚ 288 ਭਾਰਤੀ ਸ਼ਾਮਲ ਹਨ।
ਨੇਪਾਲੀ ਅਧਿਕਾਰੀਆਂ ਦੁਆਰਾ ਕੀਤੇ ਗਏ ਸ਼ੁਰੂਆਤੀ ਮੁਲਾਂਕਣਾਂ ਅਤੇ ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੁਆਰਾ ਸੋਧੇ ਹੋਏ ਵਿਸ਼ਲੇਸ਼ਣ ਦੇ ਅਨੁਸਾਰ, ਗਲੇਸ਼ੀਅਰ ਡਿੱਗਣ ਜਾਂ ਬਰਫ਼ ਖਿਸਕਣ ਕਾਰਨ ਵਿਨਾਸ਼ਕਾਰੀ ਹੜ੍ਹ ਆਏ। ਬਰਫ਼ ਖਿਸਕਣ ਨੇ ਭੋਟੇ ਕੋਸ਼ੀ ਦੀ ਸਹਾਇਕ ਨਦੀ ਲਹੇਂਡੇ ਨਦੀ ਦੇ ਵਹਾਅ ਨੂੰ ਰੋਕ ਦਿੱਤਾ ਅਤੇ ਹੜ੍ਹ ਪਹਿਲਾਂ ਚੀਨ ਸਰਹੱਦ ਦੇ ਨੇੜੇ ਰਸੁਵਾਗਧੀ ਦੇ ਤਿਮੁਰੇ ਖੇਤਰ ਵਿਚ ਆਇਆ।
ਨੇਪਾਲ ‘ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 359 ਹੋਈ

