#PUNJAB

ਈ.ਡੀ. ਵੱਲੋਂ ਆਈ.ਏ.ਐੱਸ. ਅਧਿਕਾਰੀ ਕੰਵਲਪ੍ਰੀਤ ਬਰਾੜ ਤੋਂ 7 ਘੰਟੇ ਪੁੱਛਗਿੱਛ

ਜਲੰਧਰ, 27 ਅਗਸਤ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਜ਼ੋਨਲ ਦਫ਼ਤਰ ਵਿਖੇ ਦੂਜੀ ਪੇਸ਼ੀ ਦੌਰਾਨ, ਆਈ.ਏ.ਐੱਸ. ਅਧਿਕਾਰੀ ਕੰਵਲ ਪ੍ਰੀਤ ਬਰਾੜ ਤੋਂ ਸਨਟੈਕ ਸਿਟੀ ਅਤੇ ਔਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਪ੍ਰਾਜੈਕਟਾਂ ਵਿਚ ਕਥਿਤ ਉਲੰਘਣਾਵਾਂ ਦੇ ਸਬੰਧ ‘ਚ ਸੱਤ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ।
ਕੰਵਲਪ੍ਰੀਤ ਬਰਾੜ ਸਵੇਰੇ 9:55 ਵਜੇ ਈ.ਡੀ. ਦਫ਼ਤਰ ਪਹੁੰਚੀ ਅਤੇ ਸ਼ਾਮ 5:15 ਵਜੇ ਤੋਂ ਬਾਅਦ ਬਾਹਰ ਆਈ। ਉਹ ਪਿਛਲੀ ਵਾਰ 18 ਅਗਸਤ ਨੂੰ ਈ.ਡੀ. ਦਫ਼ਤਰ ਵਿਚ ਹਾਜ਼ਰ ਹੋਏ ਸਨ, ਜਦੋਂ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਉਨ੍ਹਾਂ ਤੋਂ ਸਾਢੇ ਅੱਠ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਸੀ। ਉਨ੍ਹਾਂ ਨੂੰ ਗ੍ਰੇਟਰ ਮੁਹਾਲੀ ਏਰੀਆ ਡਿਵਲਪਮੈਂਟ ਅਥਾਰਟੀ (ਗਮਾਡਾ) ਦੀਆਂ ਦੋ ਯੋਜਨਾਵਾਂ ਨਾਲ ਸਬੰਧਤ ਹੋਰ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਸੀ।
ਸੂਤਰਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਲਿਖਤੀ ਰੂਪ ਵਿਚ ਜਵਾਬ ਦੇਣ ਲਈ ਜੋ ਜ਼ਿਆਦਾਤਰ ਸਵਾਲ ਪੁੱਛੇ ਗਏ, ਉਹ ਸਨਟੈਕ ਸਿਟੀ ਦੀ ਜ਼ਮੀਨ ਦੀ ਵਰਤੋਂ ਵਿਚ ਤਬਦੀਲੀ (ਸੀ.ਐੱਲ.ਯੂ.) ਨੂੰ ਅੰਸ਼ਕ ਤੌਰ ‘ਤੇ ਰੱਦ ਕਰਨ ਅਤੇ ਔਲਟਸ ਸਪੇਸ ਬਿਲਡਰਜ਼ ਪ੍ਰਾਜੈਕਟਾਂ ਦੇ ਲੇਆਉਟ ਬਦਲਾਵਾਂ ਨਾਲ ਸਬੰਧਤ ਸਨ।
2007 ਬੈਚ ਦੀ ਪੰਜਾਬ ਕਾਡਰ ਦੀ ਆਈ.ਏ.ਐੱਸ. ਅਧਿਕਾਰੀ ਇਸ ਸਮੇਂ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿਚ ਸਕੱਤਰ ਵਜੋਂ ਸੇਵਾ ਨਿਭਾ ਰਹੀ ਹੈ। ਉਨ੍ਹਾਂ ਤੋਂ 2024 ਵਿਚ ਟਾਊਨ ਐਂਡ ਕੰਟਰੀ ਪਲਾਨਿੰਗ ਦੇ ਡਾਇਰੈਕਟਰ ਵਜੋਂ ਉਨ੍ਹਾਂ ਦੀ ਪਿਛਲੀ ਭੂਮਿਕਾ ਕਾਰਨ ਪੁੱਛਗਿੱਛ ਕੀਤੀ ਜਾ ਰਹੀ ਹੈ। ਆਪਣੀ ਪਿਛਲੀ ਪੇਸ਼ੀ ਦੌਰਾਨ, ਉਨ੍ਹਾਂ ਨੂੰ ਜ਼ਿਆਦਾਤਰ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਜੀ.ਐੱਲ.ਏ.ਡੀ.ਏ.) ਦੇ ਮੁੱਖ ਪ੍ਰਸ਼ਾਸਕ ਵਜੋਂ ਉਨ੍ਹਾਂ ਦੀ ਭੂਮਿਕਾ ਬਾਰੇ ਪੁੱਛਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਵੀ ਈ.ਡੀ. ਦੀ ਜਲੰਧਰ ਟੀਮ ਵੱਲੋਂ ਗਮਾਡਾ ਨਾਲ ਜੁੜੇ ਮਾਮਲਿਆਂ ਵਿਚ 31 ਅਗਸਤ ਨੂੰ ਤਲਬ ਕੀਤਾ ਗਿਆ ਹੈ।