#AMERICA

ਇਕ ਹੋਰ ਭਾਰਤੀ ਨਾਗਰਿਕ ਐੱਫ.ਬੀ.ਆਈ. ਦੀ ਮੋਸਟ ਵਾਂਟਡ ਸੂਚੀ ‘ਚ ਸ਼ਾਮਲ

-ਇਸ ਮਹੀਨੇ ਕਈ ਭਾਰਤੀਆਂ ਸਮੇਤ 37 ਲੋਕਾਂ ਵਿਰੁੱਧ ਦੋਸ਼ ਆਇਦ
ਸੈਕਰਾਮੈਂਟੋ, 26 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਐੱਫ.ਬੀ.ਆਈ. ਨੇ ਇੱਕ ਹੋਰ ਭਾਰਤੀ ਨਾਗਰਿਕ ਨੂੰ ਆਪਣੀ ਮੋਸਟ ਵਾਂਟਡ ਸੂਚੀ ਵਿਚ ਸ਼ਾਮਲ ਕੀਤਾ ਹੈ, ਜਿਸ ਦੀ ਪਛਾਣ ਕਮਲ ਵਜੋਂ ਕੀਤੀ ਗਈ ਹੈ। ਐੱਫ.ਬੀ.ਆਈ. ਦਾ ਦੋਸ਼ ਹੈ ਕਿ ਕਮਲ ਲਾਰੈਂਸ ਬਿਸ਼ਨੋਈ ਸੰਗਠਿਤ ਅਪਰਾਧ ਸਮੂਹ ਨਾਲ ਜੁੜਿਆ ਹੋਇਆ ਹੈ ਅਤੇ ਜਬਰੀ ਵਸੂਲੀ ਰਾਹੀਂ ਵਪਾਰ ਵਿਚ ਦਖਲ ਦੇਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਲੋੜੀਂਦਾ ਹੈ। ਲਾਸ ਏਂਜਲਸ ਵਿਚ ਅਮਰੀਕੀ ਜ਼ਿਲ੍ਹਾ ਅਦਾਲਤ ਦੁਆਰਾ 1 ਜੁਲਾਈ ਨੂੰ ਉਸ ਵਿਰੁੱਧ ਇੱਕ ਸੰਘੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਏਜੰਸੀ ਲਾਰੈਂਸ ਬਿਸ਼ਨੋਈ ਸਮੂਹ ਨੂੰ ਇੱਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਮੰਨਦੀ ਹੈ, ਜੋ ਮੂਲ ਰੂਪ ਵਿਚ ਭਾਰਤ ਦੇ ਪੰਜਾਬ ਰਾਜ ਵਿਚ ਪੈਦਾ ਹੋਇਆ ਸੀ ਅਤੇ ਕੈਲੀਫੋਰਨੀਆ ਅਤੇ ਹੋਰ ਥਾਵਾਂ ‘ਤੇ ਅਪਰਾਧਿਕ ਗਤੀਵਿਧੀਆਂ ‘ਚ ਸਰਗਰਮ ਹੈ। ਐੱਫ.ਬੀ.ਆਈ. ਨੇ ਭਾਰਤੀ ਨਾਗਰਿਕਾਂ ਮੇਜਰ ਸਿੰਘ ਅਤੇ ਨਿਤੀਸ਼ ਕੌਸ਼ਲ ਨੂੰ ਵੀ ਜੱਗੂ ਭਗਵਾਨਪੁਰੀਆ ਸੰਗਠਿਤ ਅਪਰਾਧ ਸਮੂਹ ਨਾਲ ਕਥਿਤ ਸ਼ਮੂਲੀਅਤ ਲਈ ਸੂਚੀਬੱਧ ਕੀਤਾ ਹੈ। ਐੱਫ.ਬੀ.ਆਈ. ਅਨੁਸਾਰ ਭਗਵਾਨਪੁਰੀਆ ਸਮੂਹ ਕਤਲ, ਅਗਵਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਬਰੀ ਵਸੂਲੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਦੇ ਮਾਮਲਿਆਂ ‘ਚ ਸ਼ਾਮਲ ਹੈ। ਭਾਰਤੀ ਨਾਗਰਿਕ ਅੰਮ੍ਰਿਤਪਾਲ ਸਿੰਘ ਨੂੰ 30 ਜੁਲਾਈ ਨੂੰ ਢਾਂਡਾ ਸਮੂਹ ‘ਚ ਕਥਿਤ ਤੌਰ ‘ਤੇ ਸ਼ਾਮਲ ਹੋਣ ਕਾਰਨ ਐੱਫ.ਬੀ.ਆਈ. ਦੀ ਮੋਸਟ ਵਾਂਟਡ ਸੂਚੀ ‘ਚ ਸ਼ਾਮਲ ਕੀਤਾ ਗਿਆ ਸੀ। ਏਜੰਸੀ ਨੇ ਕਿਹਾ ਕਿ ਇਹ ਸਮੂਹ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸੰਗਠਨਾਂ ਲਈ ਕੋਕੀਨ ਅਤੇ ਮੈਥਾਮਫੇਟਾਮਾਈਨ ਸਪਲਾਈ ਕਰਦਾ ਸੀ। ਐੱਫ.ਬੀ.ਆਈ. ਨੇ ਕਿਹਾ ਕਿ ਇੱਕ ਹੋਰ ਭਾਰਤੀ ਨਾਗਰਿਕ, ਹਰਮਨਵੀਰ ਸਿੰਘ ਨੂੰ 23 ਜੁਲਾਈ ਨੂੰ ਕੈਲੀਫੋਰਨੀਆ ਦੇ ਸਟਾਕਟਨ ਵਿਚ ਢਾਂਡਾ ਸਮੂਹ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਹੋਣ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕੀ ਨਿਆਂ ਵਿਭਾਗ ਨੇ ਓਪਰੇਸ਼ਨ ਹਾਰਡ ਬਾਲ ਤਹਿਤ 37 ਵਿਅਕਤੀਆਂ ‘ਤੇ ਦੋਸ਼ ਲਗਾਏ ਹਨ। ਇਸ ਮਹੀਨੇ ਦੇ ਸ਼ੁਰੂ ਵਿਚ ਅਧਿਕਾਰੀਆਂ ਨੇ ਤਿੰਨ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਮੂਹਾਂ ਨਾਲ ਜੁੜੇ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚੋਂ 11 ਕੈਲੀਫੋਰਨੀਆ ਨਾਲ ਸਬੰਧਤ ਹਨ।