ਸੈਕਰਾਮੈਂਟੋ, 26 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸੈਂਟਾ ਕਲਾਰਾ ਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਹਫਤਾਵਾਰੀ ਦੀਵਾਨ ਸਜਾਏ ਗਏ। ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਜਥੇ ਵਲੋਂ ਅਤੇ ਭਾਈ ਨਿਰਮਲ ਸਿੰਘ ਸੂਰਾ ਜੀ ਦੇ ਜਥੇ ਵਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ। ਇਸ ਮੌਕੇ ਸਥਾਨਕ ਕਵੀਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਕਵੀ ਦਰਬਾਰ ਵੀ ਸਜਾਇਆ। ਮੰਚ ਸੰਚਾਲਨ ਕਰਦਿਆਂ ਤਰਲੋਚਨ ਸਿੰਘ ਦੁਪਾਲਪੁਰ ਨੇ ਸੰਕੋਚਵੇਂ ਪਰ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਗੁਰੂ ਨਾਨਕ ਸਾਹਿਬ ਦੇ ਬਟਾਲ਼ੇ ਵਿਖੇ ਹੋਏ ਵਿਆਹ ਸਬੰਧੀ ਇਤਿਹਾਸ ਸਰਵਣ ਕਰਾਇਆ ਕਿ ਕਿਵੇਂ ਉਸ ਮੌਕੇ ਗੁਰੂ ਸਾਹਿਬ ਨੂੰ ਕੱਚੀ ਕੰਧ ਦੇ ਲਾਗੇ ਬਿਠਾਇਆ ਗਿਆ ਸੀ। ਇਸ ਪ੍ਰਸੰਗ ਦੀ ਹੋਰ ਕਵੀਆਂ ਨੇ ਵੱਖ-ਵੱਖ ਕਵਿਤਾਵਾਂ ਰਾਹੀਂ ਸੰਗਤ ਦੀ ਭਾਵਪੂਰਤ ਢੰਗ ਨਾਲ ਸਾਂਝ ਪੁਆਈ। ਕਵੀ ਤਰਸੇਮ ਸਿੰਘ ‘ਸੁੰਮਨ’ ਨੇ ਸਿੱਠਣੀਆਂ, ਬੀਬੀ ਬਲਵਿੰਦਰ ਕੌਰ ਹੰਸਰਾ ਨੇ ਕੱਚੀ ਕੰਧ ਨੂੰ ਗੁਰੂ ਸਾਹਿਬ ਵਲੋਂ ਯੁੱਗਾਂ-ਯੁਗਾਂ ਤੱਕ ਪੱਕੀ ਰਹਿਣ ਦੇ ਵਰ ਅਤੇ ਭਾਈ ਅਮਰਜੀਤ ਸਿੰਘ ਇਬਰਾਹੀਮਪੁਰ ਨੇ ਵੀ ਬਟਾਲ਼ੇ ਵਿਖੇ ਮਨਾਏ ਜਾਂਦੇ ਵਿਆਹ ਪੁਰਬ ਮੌਕੇ ਮਨਾਏ ਜਾਂਦੇ ਜੋੜ ਮੇਲੇ ਦੀ ਉਪਮਾ ਬਿਆਨ ਕੀਤੀ। ਤਰਲੋਚਨ ਸਿੰਘ ਦੁਪਾਲਪੁਰੀ ਨੇ ਵੀ ਅਖੀਰ ਵਿਚ ਗੁਰੂ ਨਾਨਕ ਫਲਸਫੇ ਬਾਰੇ ਇਕ ਕਵਿਤਾ ਨਾਲ ਹਾਜ਼ਰੀ ਲਾਈ। ਸਮਾਪਤੀ ਮੌਕੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਨੇ ਗੁਰਦੁਆਰੇ ਦੀ ਬਣ ਰਹੀ ਨਵੀਂ ਇਮਾਰਤ ਦੀ ਸੇਵਾ ਵਿਚ ਹਿੱਸਾ ਪਾਉਣ ਦੀ ਅਪੀਲ ਕੀਤੀ ਅਤੇ ਭਾਈ ਬਲਕਾਰ ਸਿੰਘ ਨੇ ਕਵੀ ਜਨਾਂ ਅਤੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ!
ਗੁਰਦੁਆਰਾ ਸੈਂਟਾ ਕਲਾਰਾ ਵਿਖੇ ਗੁਰੂ ਨਾਨਕ ਵਿਆਹ ਪੁਰਬ ਸਬੰਧੀ ਕਵੀ ਦਰਬਾਰ ਆਯੋਜਿਤ ਹੋਇਆ

