ਸੈਕਰਾਮੈਂਟੋ, 5 ਅਗਸਤ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸੈਕਰਾਮੈਂਟੋ ਖੇਤਰ ‘ਚ ਧਾਰਮਿਕ ਸਦਭਾਵਨਾ, ਆਪਸੀ ਭਾਈਚਾਰੇ ਅਤੇ ਵੱਖ-ਵੱਖ ਧਰਮਾਂ ਵਿਚਕਾਰ ਸੰਵਾਦ ਨੂੰ ਉਤਸ਼ਾਹਿਤ ਕਰਨ ਵਾਲੀ ਪ੍ਰਸਿੱਧ ਸੰਸਥਾ ਇੰਟਰਫੇਥ ਕੌਂਸਲ ਆਫ਼ ਗ੍ਰੇਟਰ ਸੈਕਰਾਮੈਂਟੋ ਲਈ ਇੱਕ ਵਾਰ ਫਿਰ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਮੇਲ ਯੂ.ਐੱਸ.ਏ. ਦੇ ਮੁੱਖ ਸੰਪਾਦਕ, ਸਮਾਜ ਸੇਵੀ ਅਤੇ ਕਮਿਊਨਿਟੀ ਆਗੂ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਲਗਾਤਾਰ ਪੰਜਵੀਂ ਵਾਰ ਡਾਇਰੈਕਟਰ ਵਜੋਂ ਚੁਣਿਆ ਗਿਆ ਹੈ। ਇਹ ਚੋਣ ਨਾ ਸਿਰਫ਼ ਉਨ੍ਹਾਂ ਦੀ ਸਮਾਜਿਕ ਸੇਵਾ ਅਤੇ ਭਾਈਚਾਰਕ ਯੋਗਦਾਨ ਦੀ ਮਾਨਤਾ ਹੈ, ਸਗੋਂ ਸਮੁੱਚੀ ਸਿੱਖ ਕਮਿਊਨਿਟੀ ਲਈ ਵੀ ਮਾਣ ਦੀ ਗੱਲ ਹੈ।
ਇੰਟਰਫੇਥ ਕੌਂਸਲ ਆਫ਼ ਗ੍ਰੇਟਰ ਸੈਕਰਾਮੈਂਟੋ ਉੱਤਰੀ ਕੈਲੀਫੋਰਨੀਆ ਦੀਆਂ ਸਭ ਤੋਂ ਪੁਰਾਣੀਆਂ ਅਤੇ ਮਾਣਯੋਗ ਧਾਰਮਿਕ ਸੰਸਥਾਵਾਂ ਵਿਚੋਂ ਇੱਕ ਹੈ। ਇੱਕ ਸਦੀ ਤੋਂ ਵੀ ਵੱਧ, ਲਗਭਗ 116 ਸਾਲਾਂ ਤੋਂ, ਇਹ ਸੰਸਥਾ ਵੱਖ-ਵੱਖ ਧਰਮਾਂ, ਸੱਭਿਆਚਾਰਾਂ ਅਤੇ ਕੌਮਾਂ ਵਿਚਕਾਰ ਆਪਸੀ ਸਤਿਕਾਰ, ਸ਼ਾਂਤੀ, ਸਹਿਯੋਗ ਅਤੇ ਮਨੁੱਖਤਾ ਦੇ ਸਾਂਝੇ ਮੁੱਲਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।
ਗੁਰਜਤਿੰਦਰ ਸਿੰਘ ਰੰਧਾਵਾ ਇਸ ਕੌਂਸਲ ਵਿਚ ਸਿੱਖ ਕਮਿਊਨਿਟੀ ਵੱਲੋਂ ਇਕੱਲੇ ਨੁਮਾਇੰਦੇ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਆਪਣੀ ਮੁੜ ਚੋਣ ‘ਤੇ ਕੌਂਸਲ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਦਾ ਨਹੀਂ, ਸਗੋਂ ਸਮੁੱਚੀ ਸਿੱਖ ਕਮਿਊਨਿਟੀ ਦਾ ਹੈ। ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਵਿਚਕਾਰ ਆਪਸੀ ਸਤਿਕਾਰ, ਏਕਤਾ ਅਤੇ ਸਾਂਝੀ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ।
ਗੁਰਜਤਿੰਦਰ ਸਿੰਘ ਰੰਧਾਵਾ ਇੰਟਰਫੇਥ ਕੌਂਸਲ ਦੇ ਪੰਜਵੀਂ ਵਾਰ ਡਾਇਰੈਕਟਰ ਚੁਣੇ ਗਏ

