#PUNJAB

ਡਾ. ਓਬਰਾਏ ਨੇ 37 ਮਰੀਜ਼ਾਂ ਦੀ ਫੜੀ ਬਾਂਹ; ਦਵਾਈਆਂ ਲਈ ਦਿੱਤੀ ਵਿੱਤੀ ਸਹਾਇਤਾ

ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਦੇ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਫਹਿਰਿਸਤ ਏਨੀ ਲੰਮੀ ਹੈ ਕਿ ਇਸ ਨੂੰ ਵਰਨਣ ਕਰਨਾ ਵੀ ਨਾ ਮੁਮਕਿਨ ਹੈ। ਅਪਣੀ ਨੇਕ ਕਮਾਈ ਵਿਚੋਂ ਅਤੇ ਬਿਨਾਂ ਕਿਸੇ ਤੋਂ ਪੈਸਾ ਲਿਆ, ਆਪਣੀ ਸਮਰੱਥਾ ਅਨੁਸਾਰ ਮਨੁੱਖਤਾ ਨੂੰ ਹਰ ਹਮਲੇ ਤੋਂ ਬਚਾਉਣ ਲਈ ਕੀਤੇ ਜਾ ਰਹੇ ਕਾਰਜ ਕਿਸੇ ਅਚੰਭੇ ਤੋਂ ਘੱਟ ਨਹੀਂ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ (ਮਲੋਟ, ਗਿਦੜਬਾਹਾ, ਲੰਬੀ) 37 ਲੋੜਵੰਦ ਮਰੀਜ਼ਾਂ ਨੂੰ ਡਾ. ਓਬਰਾਏ ਨੇ ਗੋਦ ਲੈਂਦਿਆਂ ਦਵਾਈਆਂ ਖਰੀਦਣ ਲਈ 40 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ, ਤਾਂ ਜੋ ਇਹ ਲੋਕ ਦਵਾਈਆਂ ਖਰੀਦ ਕੇ ਨਿਰੋਗ ਜੀਵਨ ਜਿਊਣ ਦੇ ਸਮਰੱਥ ਹੋਣ ਅਤੇ ਡਾਕਟਰ ਐੱਸ.ਪੀ. ਸਿੰਘ ਓਬਰਾਏ ਨੇ ਅਪਣੀ ਸਮਰੱਥਾ ਅਨੁਸਾਰ ਅੱਗੇ ਤੋਂ ਵੀ (ਜਦੋਂ ਤੱਕ ਦਵਾਈ ਚੱਲਦੀ) ਮਦਦ ਕਰਨ ਦਾ ਭਰੋਸਾ ਦਿੱਤਾ। ਸਹਾਇਤਾ ਰਾਸ਼ੀ ਲੈਣ ਉਪਰੰਤ ਇਨ੍ਹਾਂ ਲੋੜਵੰਦ ਮਰੀਜ਼ਾਂ ਵੱਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਅਜਿਹੇ ਮਾੜੇ ਦੌਰ ਵਿਚ ਅਪਣੇ ਵੀ ਸਾਥ ਛੱਡ ਦਿੰਦੇ ਹਨ ਪਰ ਡਾਕਟਰ ਓਬਰਾਏ ਨੇ ਬਿਨਾਂ ਸਾਨੂੰ ਦੇਖਿਆਂ, ਸਾਡੀ ਬਾਂਹ ਫੜੀ। ਇਸ ਮੌਕੇ ਬਲਵਿੰਦਰ ਸਿੰਘ ਬਰਾੜ ਰਿਟਾ. ਪ੍ਰਿੰਸੀਪਲ, ਗੁਰਪਾਲ ਸਿੰਘ ਪਾਲੀ, ਜਸਪਾਲ ਸਿੰਘ ਰਿਟਾ. ਲੈਕਚਰਾਰ ਸੀਨੀਅਰ ਮੀਤ ਪ੍ਰਧਾਨ, ਮਲਕੀਤ ਸਿੰਘ ਰਿਟਾ. ਬੈਂਕ ਮੈਨੇਜਰ ਮੀਤ ਪ੍ਰਧਾਨ, ਬਰਨੇਕ ਸਿੰਘ ਰਿਟਾ. ਲੈਕਚਰਾਰ, ਸੋਮ ਨਾਥ, ਸੁਖਦਰਸ਼ਨ ਸਿੰਘ ਬੇਦੀ ਰਿਟਾ. ਜ਼ਿਲ੍ਹਾ ਉੱਪ ਸਿੱਖਿਆ ਅਫ਼ਸਰ, ਗੁਰਜੀਤ ਸਿੰਘ ਜੀਤਾ, ਅਸ਼ੋਕ ਕੁਮਾਰ, ਬਲਜੀਤ ਸਿੰਘ ਮਾਨ ਰਿਟਾ. ਪ੍ਰਿੰਸੀਪਲ, ਮਾਸਟਰ ਰਾਜਿੰਦਰ ਸਿੰਘ, ਬਲਦੇਵ ਸਿੰਘ ਮਾਂਗਟ ਕੇਰ, ਚਰਨਜੀਤ ਸਿੰਘ ਮੈਂਬਰ ਬਲਾਕ ਸੰਮਤੀ ਆਦਿ ਹਾਜ਼ਰ ਸਨ।