-ਜੱਦੀ ਪਿੰਡ ਵਿਖੇ ਕੀਤਾ ਗਿਆ ਅੰਤਿਮ ਸਸਕਾਰ
ਤਰਨਤਾਰਨ/ਲੰਡਨ, 3 ਅਗਸਤ (ਪੰਜਾਬ ਮੇਲ)- ਲੰਡਨ ‘ਚ ਬੇਰਹਿਮੀ ਨਾਲ ਕਤਲ ਕੀਤੇ ਕੁੜੀ ਕਿਰਨਦੀਪ ਕੌਰ ਦੀ ਮ੍ਰਿਤਕ ਦੇਹ ਸ਼ਨੀਵਾਰ ਨੂੰ ਤਰਨਤਾਰਨ ਦੇ ਪਿੰਡ ਪਿੱਦੀ ਪੁੱਜੀ। ਕਰੀਬ 2 ਸਾਲ ਪਹਿਲਾਂ ਪਰਿਵਾਰ ਨੇ ਜ਼ਮੀਨ ਵੇਚ ਅਤੇ 25 ਲੱਖ ਦਾ ਕਰਜ਼ਾ ਲੈ ਕੇ ਕੁੜੀ ਨੂੰ ਵਿਦੇਸ਼ ਭੇਜਿਆ ਸੀ। ਜਿਥੇ ਕਿ ਇਕ ਗੋਰੇ ਵੱਲੋਂ ਕਿਰਨਦੀਪ ਦਾ 12 ਜੁਲਾਈ ਦੀ ਸਵੇਰੇ ਉਸਦੇ ਘਰ ‘ਚ ਹੀ ਚਾਕੂਆਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ।
ਲਾਡਲੀ ਧੀ ਕਿਰਨਦੀਪ ਕੌਰ ਦੀ ਵਿਦੇਸ਼ ਤੋਂ ਮ੍ਰਿਤਕ ਦੇਹ ਪੁੱਜਣ ‘ਤੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਨਮ ਅੱਖਾਂ ਨਾਲ ਪਰਿਵਾਰ ਤੇ ਪਿੰਡ ਵਾਸੀਆਂ ਨੇ ਉਸਦਾ ਅੰਤਿਮ ਸਸਕਾਰ ਕਰ ਦਿੱਤਾ।
ਪਿੰਡ ਪਿੱਦੀ ਦੇ ਕਿਸਾਨ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਨ੍ਹਾਂ ਵੱਲੋਂ ਆਪਣੀ ਜ਼ਮੀਨ ਵੇਚ ਅਤੇ 25 ਲੱਖ ਰੁਪਏ ਦਾ ਕਰਜ਼ਾ ਚੁੱਕ ਲਾਡਲੀ ਬੇਟੀ ਕਿਰਨਦੀਪ ਕੌਰ (24) ਨੂੰ ਘਰ ਦੀ ਹਾਲਤ ਸੁਧਾਰਣ ਦੇ ਮਕਸਦ ਨਾਲ ਲੰਡਨ ਭੇਜਿਆ ਸੀ, ਜਿਸ ਨੇ ਆਪਣੀ ਐੱਮ.ਐੱਸ.ਸੀ. ਦੀ ਪੜ੍ਹਾਈ ਮੁਕੰਮਲ ਕਰਦੇ ਹੋਏ ਵਰਕ ਪਰਮਿਟ ਹਾਸਲ ਕਰ ਲਿਆ, ਜੋ ਅੱਜ-ਕੱਲ੍ਹ ਇਕ ਗ੍ਰੋਸਰੀ ਸਟੋਰ ਵਿਚ ਕੰਮ ਕਰ ਰਹੀ ਸੀ।
ਜਾਣਕਾਰੀ ਅਨੁਸਾਰ ਲੰਡਨ ‘ਚ ਜਦੋਂ ਕਿਰਨਦੀਪ ਕੌਰ ਆਪਣੇ ਘਰ ਵਿਚ ਮੌਜੂਦ ਸੀ, ਤਾਂ ਇਕ ਗੋਰੇ ਵੱਲੋਂ ਘਰ ਅੰਦਰ ਦਾਖ਼ਲ ਹੋ ਕੇ ਚਾਕੂਆਂ ਨਾਲ ਉਸ ਉੱਪਰ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਲੰਡਨ ਦੀ ਸੰਸਥਾ ਵੱਲੋਂ ਮ੍ਰਿਤਕ ਕਿਰਨਦੀਪ ਕੌਰ ਦੀ ਦੇਹ ਨੂੰ ਭਾਰਤ ਭੇਜਣ ਲਈ ਕਾਫ਼ੀ ਯਤਨ ਕਰਨੇ ਪਏ, ਜਿਸ ਦੇ ਚਲਦਿਆਂ ਸ਼ਨੀਵਾਰ ਸਵੇਰੇ ਉਸ ਦੀ ਮ੍ਰਿਤਕ ਦੇਹ ਪਿੰਡ ਪਿੱਦੀ ਵਿਖੇ ਪੁੱਜੀ, ਜਿਥੇ ਉਸ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਲੰਡਨ ‘ਚ ਪੰਜਾਬੀ ਮੁਟਿਆਰ ਦਾ ਗੋਰੇ ਵੱਲੋਂ ਬੇਰਹਿਮੀ ਨਾਲ ਕਤਲ

