ਗੁਰਦਾਸਪੁਰ, 3 ਅਗਸਤ (ਪੰਜਾਬ ਮੇਲ)- ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਫਤਿਹਗੜ੍ਹ ਚੂੜੀਆਂ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਇਲਾਕੇ ਵਿਚ ਪਹਿਲਾਂ ਵੀ ਦੋ ਘਰਾਂ ਵਿਚ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਦਕਿ ਹੁਣ ਚੋਰਾਂ ਨੇ ਇੱਕ ਐੱਨ.ਆਰ.ਆਈ. ਪਰਿਵਾਰ ਦੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦਾ ਸੋਨਾ, ਵਿਦੇਸ਼ੀ ਕਰੰਸੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ।
ਜਾਣਕਾਰੀ ਅਨੁਸਾਰ ਘਰ ਦੇ ਮਾਲਕ ਵਿਦੇਸ਼ ਵਿਚ ਰਹਿੰਦੇ ਹਨ ਅਤੇ ਮਕਾਨ ਕਾਫੀ ਸਮੇਂ ਤੋਂ ਬੰਦ ਪਿਆ ਸੀ। ਘਰ ਦੇ ਰਿਸ਼ਤੇਦਾਰ ਕਰੀਬ ਇੱਕ ਮਹੀਨੇ ਬਾਅਦ ਸਫਾਈ ਕਰਨ ਲਈ ਪਹੁੰਚੇ, ਤਾਂ ਬਾਹਰਲੇ ਤਾਲੇ ਲੱਗੇ ਹੋਏ ਸਨ, ਪਰ ਅੰਦਰਲੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਮਿਲੇ। ਘਰ ਦੀਆਂ ਅਲਮਾਰੀਆਂ ਅਤੇ ਟਰੰਕਾਂ ਦੇ ਤਾਲੇ ਵੀ ਟੁੱਟੇ ਹੋਏ ਸਨ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚੋਰ ਕਰੀਬ 12 ਤੋਲੇ ਸੋਨਾ, ਵਿਦੇਸ਼ੀ ਕਰੰਸੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ।
ਉੱਧਰ, ਥਾਣਾ ਫਤਿਹਗੜ੍ਹ ਚੂੜੀਆਂ ਦੇ ਮੁਖੀ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲ ਗਈ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਐੱਨ.ਆਰ.ਆਈ. ਦੇ ਬੰਦ ਪਏ ਘਰ ‘ਚੋਂ 12 ਤੋਲੇ ਸੋਨਾ ਤੇ ਵਿਦੇਸ਼ੀ ਕਰੰਸੀ ਚੋਰੀ

