#PUNJAB

ਮਨਪ੍ਰੀਤ ਇਆਲੀ ਵੱਲੋਂ ਜਸਵੰਤ ਖਾਲੜਾ ਦੀ ਪਤਨੀ ਨੂੰ ਦਾਖਾ ਤੋਂ ਵਿਧਾਨ ਸਭਾ ਚੋਣ ਲੜਨ ਦੀ ਪੇਸ਼ਕਸ਼

ਚੰਡੀਗੜ੍ਹ, 28 ਜੁਲਾਈ (ਪੰਜਾਬ ਮੇਲ)- ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੂੰ ਵਿਧਾਨ ਸਭਾ ਹਲਕਾ ਦਾਖਾ ਤੋਂ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਅਪੀਲ ਕਰਦਿਆਂ ਆਪਣੀ ਹਲਕਾ ਸੀਟ ਉਨ੍ਹਾਂ ਨੂੰ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਖਾਲੜਾ ਵੱਲੋਂ ਦਿੱਤੀ ਗਈ ਮਹਾਨ ਕੁਰਬਾਨੀ ਦੇ ਸਨਮਾਨ ਵਿਚ ਸੀਟ ਦੇਣ ਦਾ ਫ਼ੈਸਲਾ ਕੀਤਾ ਹੈ। ਸ਼੍ਰੀ ਇਆਲੀ ਨੇ ਕਿਹਾ ਕਿ ਬੀਬੀ ਖਾਲੜਾ ਸਿਰਫ਼ ਨਾਮਜ਼ਦਗੀ ਪੱਤਰ ਦਾਖਲ ਕਰਨ, ਬਾਕੀ ਉਨ੍ਹਾਂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਹਲਕਾ ਦਾਖਾ ਦੀ ਸੰਗਤ ਅਤੇ ਪਾਰਟੀ ਵਰਕਰਾਂ ਦੀ ਹੋਵੇਗੀ। ਹਲਕਾ ਦਾਖਾ ਦੀ ਸੰਗਤ, ਪਾਰਟੀ ਵਰਕਰ ਅਤੇ ਸਮੁੱਚਾ ਇਲਾਕਾ ਉਨ੍ਹਾਂ ਦੀ ਜਿੱਤ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਦਿਨ-ਰਾਤ ਇੱਕ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਫਿਲਮ ‘ਸਤਲੁਜ’ ਨੇ ਦਿਖਾਇਆ ਕਿ ਕਿਵੇਂ ਖਾਲੜਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਫਰਜ਼ੀ ਮੁਕਾਬਲਿਆਂ ਤੇ ਸੈਂਕੜੇ ਲਾਵਾਰਸ ਲਾਸ਼ਾਂ ਦੇ ਸਸਕਾਰ ਦੇ ਪਿੱਛੇ ਦੀ ਸੱਚਾਈ ਦਾ ਪਰਦਾਫਾਸ਼ ਕੀਤਾ ਸੀ। ਇਸ ਲਈ ਵਿਧਾਨ ਸਭਾ ਹਲਕਾ ਦਾਖਾ ਦੇ ਲੋਕਾਂ ਨੇ ਕਦੇ ਕੌਮ ਦਾ ਉਲਾਂਭਾ ਨਹੀਂ ਰੱਖਿਆ ਹੈ। ਇਸ ਲਈ ਬੀਬੀ ਖਾਲੜਾ ਦੇ ਚੋਣ ਲੜਨ ‘ਤੇ ਲੋਕਾਂ ਵੱਲੋਂ ਉਲਾਂਭਾ ਉਤਾਰ ਦਿੱਤਾ ਜਾਵੇਗਾ। ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅੱਜ ਸਮੁੱਚੀ ਕੌਮ, ਪੰਥ ਅਤੇ ਪੰਜਾਬ ਪ੍ਰਸਤ ਲੋਕਾਂ ਨੂੰ ਆਪਣੇ ਹਿੱਤਾਂ, ਹੱਕਾਂ ਲਈ ਇਕਜੁੱਟ ਹੋਣ ਦੀ ਲੋੜ ਹੈ।