ਟੋਰਾਂਟੋ, 3 ਅਕਤੂਬਰ (ਪੰਜਾਬ ਮੇਲ)- ਕੈਨੇਡਾ ਵਿਚ ਜਬਰਨ ਵਸੂਲੀ, ਗੋਲੀਬਾਰੀ, ਅੱਗਜ਼ਨੀ, ਹਥਿਆਰਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਵਿਚ ਸ਼ਾਮਲ ਭਾਰਤੀ ਮੂਲ ਦੇ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਇਹ ਗ੍ਰਿਫ਼ਤਾਰੀਆਂ 16 ਮਹੀਨਿਆਂ ਦੀ ਜਾਂਚ ਤੋਂ ਬਾਅਦ ਕੀਤੀਆਂ ਗਈਆਂ ਹਨ। ਇਹ ਜਾਂਚ ਜੂਨ 2025 ‘ਚ ਇਕ ਆਟੋ ਡੀਲਰਸ਼ਿਪ ਦੇ ਸਹਿ-ਮਾਲਕਾਂ ਤੋਂ ਫਿਰੌਤੀ ਮੰਗਣ ਅਤੇ ਉਸ ਤੋਂ ਬਾਅਦ ਲੈਂਗਲੀ ਅਤੇ ਸਰੀ ਸਥਿਤ ਉਨ੍ਹਾਂ ਦੇ ਸ਼ੋਅਰੂਮਾਂ ‘ਤੇ ਅੱਗਜ਼ਨੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਸਬੰਧਤ ਹੈ।
ਪੁਲਿਸ ਮੁਤਾਬਕ ਇਹ ਸਾਰੇ ਮੁਲਜ਼ਮ ”ਵਿਦੇਸ਼ੀ ਨਾਗਰਿਕ” ਹਨ, ਜਿਨ੍ਹਾਂ ਦੀ ਪਛਾਣ ਭਾਰਤ ਦੇ ਰਹਿਣ ਵਾਲੇ ਸੰਕੇਤ ਸਿੰਗਲਾ (23), ਜਦੋਂਕਿ ਬਾਕੀਆਂ ਦੀ ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਸਾਹਿਲ (24), ਸਿਮਰਨਜੀਤ ਸਿੰਘ (24) ਹਰਸ਼ (21) ਅਤੇ ਓਨਟਾਰੀਓ ਦੇ ਰਹਿਣ ਵਾਲੇ ਜਗਦੀਪ ਸਿੰਘ (24) ਵਜੋਂ ਹੋਈ ਹੈ। ਪੁਲਿਸ ਮੁਤਾਬਕ ਪੰਜੇ ਮੁਲਜ਼ਮ ਹਿਰਾਸਤ ਵਿਚ ਹਨ।
ਬ੍ਰਿਟਿਸ਼ ਕੋਲੰਬੀਆ ਪ੍ਰੋਸੀਕਿਊਸ਼ਨ ਸਰਵਿਸ ਨੇ ਵੀਰਵਾਰ ਨੂੰ ਪੰਜਾਂ ‘ਤੇ ਫਿਰੌਤੀ ਮੰਗਣ ਦੇ ਦੋਸ਼ ਤੈਅ ਕੀਤੇ। ਕੁਝ ਮੁਲਜ਼ਮਾਂ ‘ਤੇ ਹਥਿਆਰਾਂ, ਅੱਗਜ਼ਨੀ, ਵਿਸਫੋਟਕਾਂ ਅਤੇ ਕੋਕੀਨ ਦੀ ਤਸਕਰੀ ਨਾਲ ਸਬੰਧਤ ਵਾਧੂ ਦੋਸ਼ ਵੀ ਲਗਾਏ ਗਏ ਹਨ।
ਕੈਨੇਡਾ ਪੁਲਿਸ ਵੱਲੋਂ 2 ਪੰਜਾਬੀਆਂ ਸਣੇ 5 ਨੌਜਵਾਨ ਗ੍ਰਿਫ਼ਤਾਰ

