ਚੰਡੀਗੜ੍ਹ, 3 ਜੁਲਾਈ (ਪੰਜਾਬ ਮੇਲ)- ਮੁਹਾਲੀ ਵਿਚ ਨੌਂ ਸਾਲ ਪਹਿਲਾਂ ਬਹੁਚਰਚਿਤ ਇਕ ਪਤਨੀ ਵਲੋਂ ਪਤੀ ਦੀ ਹੱਤਿਆ ਕੀਤੇ ਜਾਣ ਦੇ ਮਾਮਲੇ ਵਿਚ ਅਦਾਲਤ ਨੇ ਅੱਜ ਫੈਸਲਾ ਸੁਣਾਇਆ ਹੈ। ਮੁਹਾਲੀ ਅਦਾਲਤ ਨੇ ਏਕਮ ਢਿੱਲੋਂ ਦੀ ਹੱਤਿਆ ਦੇ ਮਾਮਲੇ ਵਿਚ ਉਸ ਦੀ ਪਤਨੀ ਸੀਰਤ ਕੌਰ ਨੂੰ ਇਸ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਜਾਣਕਾਰੀ ਅਨੁਸਾਰ ਸਾਲ 2017 ਵਿਚ ਮੁਹਾਲੀ ਦੇ ਫੇਜ਼-3ਬੀ1 ਵਿਚ ਇਕ ਸੂਟਕੇਸ ਵਿਚ ਸਵਾ ਛੇ ਛੁੱਟ ਦੇ ਵਿਅਕਤੀ ਦੀ ਲਾਸ਼ ਮਿਲੀ ਸੀ। ਪੁਲਿਸ ਨੇ ਇਸ ਮਾਮਲੇ ਵਿਚ ਸੀਰਤ ਕੌਰ ਨੂੰ ਨਾਮਜ਼ਦ ਕੀਤਾ ਸੀ। ਪੁਲਿਸ ਨੇ ਦੋਸ਼ ਲਾਇਆ ਸੀ ਕਿ ਸੀਰਤ ਨੇ ਆਪਣੇ ਪਤੀ ਏਕਮ ਢਿੱਲੋਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਤੋਂ ਬਾਅਦ ਉਸ ਨੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ।
ਇਹ ਮਾਮਲਾ ਉਸ ਵੇਲੇ ਸੁਰਖੀਆਂ ਵਿਚ ਆਇਆ, ਜਦੋਂ ਇਕ ਆਟੋ ਰਿਕਸ਼ਾ ਚਾਲਕ ਨੇ ਖੁਲਾਸਾ ਕੀਤਾ ਕਿ ਸੀਰਤ ਕੌਰ ਨੇ ਉਸ ਕੋਲੋਂ ਵੱਡਾ ਸੂਟਕੇਸ ਹੇਠਾਂ ਲਿਜਾਣ ‘ਚ ਮਦਦ ਮੰਗੀ ਸੀ। ਅਦਾਲਤ ਨੇ ਸੀਰਤ ਕੌਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ।
ਜ਼ਿਕਰਯੋਗ ਹੈ ਹੈ ਕਿ 40 ਸਾਲਾ ਕਾਰੋਬਾਰੀ ਏਕਮ ਸਿੰਘ ਢਿੱਲੋਂ ਦੀ ਪਤਨੀ ਸੀਰਤ ਨੇ ਸ਼ੁਰੂ ਤੋਂ ਇਸ ਮਾਮਲੇ ਬਾਰੇ ਪੁਲਿਸ ਕੋਲ ਕਈ ਝੂਠ ਬੋਲੇ ਜਿਸ ਦਾ ਖੁਲਾਸਾ ਪੁਲਿਸ ਨੇ ਆਪਣੀ ਰਿਪੋਰਟ ‘ਚ ਕੀਤਾ। ਏਕਮ ਸਿੰਘ ਢਿੱਲੋਂ ਦੀ ਲਾਸ਼ ਮੁਹਾਲੀ ਦੇ ਫੇਜ਼-3ਬੀ1 ਸਥਿਤ ਉਸ ਦੇ ਕਿਰਾਏ ਦੇ ਇਕ ਕਨਾਲ ਦੇ ਮਕਾਨ ਦੇ ਬਾਹਰ ਖੜ੍ਹੀ ਉਸ ਦੀ ਬੀ.ਐੱਮ.ਡਬਲਯੂ. ਕਾਰ ਦੀ ਪਿਛਲੀ ਸੀਟ ‘ਤੇ ਪਏ ਇੱਕ ਸੂਟਕੇਸ ਵਿਚੋਂ ਮਿਲੀ ਸੀ।
ਇਸ ਕਤਲ ਮਾਮਲੇ ਦੀ ਪੁਲਿਸ ਨੇ ਇਕ ਸੀ.ਸੀ.ਟੀ.ਵੀ. ਹਾਸਲ ਕੀਤੀ ਸੀ, ਜਿਸ ਵਿਚ 23 ਮਿੰਟ ਦੌਰਾਨ ਸੀਰਤ ਅੱਠ ਵਾਰ ਕਮਰੇ ਤੋਂ ਬਾਹਰ ਆਉਂਦੀ-ਜਾਂਦੀ ਦਿਖਾਈ ਦਿੱਤੀ। ਉਸ ਨੇ ਖੂਨ ਦੇ ਨਿਸ਼ਾਨ ਮਿਟਾਏ। ਸੀਰਤ ਦੇ ਹੱਥੋਂ ਸੂਟਕੇਸ ਡਿੱਗ ਗਿਆ। ਪਤੀ ਦੀ ਹੱਤਿਆ ਕਰਨ ਤੋਂ ਬਾਅਦ ਸੀਰਤ ਨੇ ਉਸ ਦੀ ਲਾਸ਼ ਸੂਟਕੇਸ ਵਿਚ ਰੱਖੀ ਅਤੇ ਉਸ ਨੂੰ ਟਿਕਾਣੇ ਲਗਾਉਣ ਲਈ ਘਰ ਤੋਂ ਬਾਹਰ ਨਿਕਲੀ। ਇਸ ਦੌਰਾਨ ਉਹ ਆਪਣੀ ਬੀ.ਐੱਮ.ਡਬਲਯੂ. ਕਾਰ ਦੀ ਚਾਬੀ ਡਿੱਗੀ ਵਿਚ ਹੀ ਰੱਖ ਕੇ ਭੁੱਲ ਗਈ।
ਜਾਂਚ ਮੁਤਾਬਕ ਸੀਰਤ ਪਹਿਲਾਂ ਇਹ ਵੇਖਣ ਲਈ ਬਾਹਰ ਆਈ ਸੀ ਕਿ ਸੂਟਕੇਸ ਕਾਰ ਦੀ ਡਿੱਗੀ ਵਿਚ ਆ ਸਕੇਗਾ ਜਾਂ ਨਹੀਂ। ਜਦੋਂ ਉਸ ਨੂੰ ਲੱਗਾ ਕਿ ਸੂਟਕੇਸ ਡਿੱਗੀ ਵਿਚ ਨਹੀਂ ਆਵੇਗਾ, ਤਾਂ ਉਸ ਨੇ ਇਸ ਨੂੰ ਕਾਰ ਦੀ ਪਿਛਲੀ ਸੀਟ ‘ਤੇ ਰੱਖਣ ਦਾ ਫ਼ੈਸਲਾ ਕੀਤਾ। ਉਸ ਨੇ ਕਾਰ ਦੀਆਂ ਖਿੜਕੀਆਂ ਵੀ ਖੋਲ੍ਹ ਦਿੱਤੀਆਂ, ਪਰ ਚਾਬੀ ਡਿੱਗੀ ਵਿਚ ਹੀ ਛੱਡ ਦਿੱਤੀ। ਇਸ ਤੋਂ ਬਾਅਦ ਉਹ ਚਾਬੀ ਲੱਭਣ ਲਈ ਮੁੜ ਕਮਰੇ ਵਿਚ ਚਲੀ ਗਈ।
ਜਾਂਚ ਦੌਰਾਨ ਮਿਲੀ 23 ਮਿੰਟ ਦੀ ਸੀ.ਸੀ.ਟੀ.ਵੀ. ਫੁਟੇਜ ਵਿਚ ਸੀਰਤ ਅੱਠ ਵਾਰ ਕਮਰੇ ਤੋਂ ਬਾਹਰ ਆਉਂਦੀ ਅਤੇ ਅੰਦਰ ਜਾਂਦੀ ਦਿਖਾਈ ਦਿੱਤੀ ਹੈ। ਫੁਟੇਜ ਵਿਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਉਸ ਨੇ ਤਿੰਨ ਵਾਰ ਪੌੜ੍ਹੀਆਂ ‘ਤੇ ਪੋਚਾ ਲਾਇਆ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਚਾਬੀ ਦੀ ਭਾਲ ਕਰ ਰਹੀ ਸੀ। ਬਾਅਦ ਵਿਚ ਪੁਲਿਸ ਨੂੰ ਕਾਰ ਦੀ ਚਾਬੀ ਡਿੱਗੀ ਵਿਚੋਂ ਹੀ ਮਿਲੀ।
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਕੋਠੀ ਦੇ ਮਾਲਕ ਸਤਿੰਦਰ ਅਤੇ ਉਨ੍ਹਾਂ ਦੀ ਪਤਨੀ ਸਵੇਰੇ 8 ਵੱਜ ਕੇ 21 ਮਿੰਟ ‘ਤੇ ਆਪਣੇ ਪਾਲਤੂ ਕੁੱਤੇ ਨੂੰ ਸੈਰ ਕਰਵਾਉਣ ਲਈ ਘਰ ਤੋਂ ਨਿਕਲੇ। ਇਸ ਤੋਂ ਦੋ ਮਿੰਟ ਬਾਅਦ ਸੀਰਤ ਸੂਟਕੇਸ ਲੈ ਕੇ ਹੇਠਾਂ ਆਈ ਅਤੇ ਪੌੜ੍ਹੀਆਂ ‘ਤੇ ਲੱਗੇ ਖੂਨ ਦੇ ਨਿਸ਼ਾਨ ਸਾਫ਼ ਕੀਤੇ।
ਸੀ.ਸੀ.ਟੀ.ਵੀ. ਫੁਟੇਜ ਵਿਚ ਇਹ ਵੀ ਦਿਖਾਈ ਦਿੱਤਾ ਕਿ ਕੋਠੀ ਦੇ ਮਾਲਕ ਦੀ ਨੌਕਰਾਣੀ ਨੇ ਸੂਟਕੇਸ ਦੇਖਿਆ ਅਤੇ ਪੌੜ੍ਹੀਆਂ ‘ਤੇ ਪਏ ਖੂਨ ਦੇ ਨਿਸ਼ਾਨਾਂ ਬਾਰੇ ਸੀਰਤ ਤੋਂ ਪੁੱਛਿਆ। ਇਸ ‘ਤੇ ਸੀਰਤ ਨੇ ਕਿਹਾ ਕਿ ਉਸ ਦਾ ਹੱਥ ‘ਤੇ ਕੱਟ ਲੱਗ ਗਿਆ।
ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਏਕਮ ਸਿੰਘ ਢਿੱਲੋਂ ਦੇ ਸਰੀਰ ਦੇ ਸੱਜੇ ਪਾਸੇ ਦਿਖਾਈ ਦਿੱਤੇ ਨੀਲੇ ਨਿਸ਼ਾਨ ਮਾਰਕੁੱਟ ਕਾਰਨ ਨਹੀਂ ਸਨ। ਇਹ ਨਿਸ਼ਾਨ ਉਸ ਵੇਲੇ ਪਏ ਜਦੋਂ ਸੀਰਤ ਸੂਟਕੇਸ ਨੂੰ ਪੌੜ੍ਹੀਆਂ ਰਾਹੀਂ ਹੇਠਾਂ ਲੈ ਕੇ ਆ ਰਹੀ ਸੀ। ਛੇਵੀਂ ਪੌੜੀ ‘ਤੇ ਸੂਟਕੇਸ ਦਾ ਹੈਂਡਲ ਉਸ ਦੇ ਹੱਥੋਂ ਫਿਸਲ ਗਿਆ ਅਤੇ ਸੂਟਕੇਸ ਸਿੱਧਾ ਹੇਠਾਂ ਡਿੱਗ ਪਿਆ। ਡਾਕਟਰਾਂ ਨੇ ਵੀ ਆਪਣੀ ਜਾਂਚ ਵਿਚ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਏਕਮ ਨਾਲ ਕਤਲ ਤੋਂ ਪਹਿਲਾਂ ਕੋਈ ਮਾਰਕੁੱਟ ਕੀਤੀ ਗਈ ਸੀ।
ਏਕਮ ਢਿੱਲੋਂ ਕਤਲ ਮਾਮਲਾ: ਅਦਾਲਤ ਵੱਲੋਂ ਪਤਨੀ ਸੀਰਤ ਕੌਰ ਨੂੰ ਉਮਰ ਕੈਦ

