ਸੈਕਰਾਮੈਂਟੋ, 17 ਅਕਤੂਬਰ (ਪੰਜਾਬ ਮੇਲ)- ਸੈਕਰਾਮੈਂਟੋ ਕਾਊਂਟੀ ਸ਼ੈਰਿਫ਼ ਦਫ਼ਤਰ ਦੀ ਖ਼ਬਰ ਮੁਤਾਬਕ, ਜੈਸਮਿਨ ਗਿੱਲ ਦੇ ਕਤਲ ਦੇ ਦੋਸ਼ ਵਿਚ ਉਸਦੇ ਪਤੀ ਗੁਰਿੰਦਰ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਗੁਰਿੰਦਰ ਨੂੰ 14 ਅਕਤੂਬਰ ਨੂੰ ਗ੍ਰਿਫ਼ਤਾਰ ਕਰਕੇ ਸੈਕਰਾਮੈਂਟੋ ਕਾਊਂਟੀ ਦੀ ਮੁੱਖ ਜੇਲ੍ਹ ਵਿਚ ਰੱਖਿਆ ਗਿਆ। ਉਸ ਉੱਤੇ ਕਤਲ ਦਾ ਦੋਸ਼ ਲਾਇਆ ਗਿਆ ਹੈ ਅਤੇ ਉਹ ਜ਼ਮਾਨਤ ‘ਤੇ ਰਿਹਾਅ ਨਹੀਂ ਹੋ ਸਕਦਾ।
ਪੁਲਿਸ ਅਨੁਸਾਰ, ਜੈਸਮਿਨ ਨੂੰ ਆਖ਼ਰੀ ਵਾਰ 30 ਸਤੰਬਰ ਨੂੰ ਸੈਕਰਾਮੈਂਟੋ ਸਥਿਤ ਆਪਣੇ ਘਰ ‘ਤੇ ਦੇਖਿਆ ਗਿਆ ਸੀ। 4 ਅਕਤੂਬਰ ਨੂੰ ਉਸਦੇ ਇਕ ਰਿਸ਼ਤੇਦਾਰ ਨੇ ਉਸਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ। ਸ਼ੁਰੂਆਤੀ ਜਾਂਚ ਦੌਰਾਨ ਗੁਰਿੰਦਰ ਨੇ ਕਿਹਾ ਸੀ ਕਿ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈਸ) ਦੇ ਅਧਿਕਾਰੀ ਜੈਸਮਿਨ ਨੂੰ ਘਰ ਤੋਂ ਲੈ ਗਏ ਸਨ, ਜਦੋਂ ਉਹ ਡਾਕ ਦੇਖ ਰਹੀ ਸੀ। ਪਰ ਜਾਂਚਕਰਤਾਵਾਂ ਨੇ ਆਈਸ ਨਾਲ ਸੰਪਰਕ ਕੀਤਾ, ਤਾਂ ਵਿਭਾਗ ਨੇ ਦੱਸਿਆ ਕਿ ਉਸ ਘਰ ‘ਤੇ ਕੋਈ ਕਾਰਵਾਈ ਨਹੀਂ ਹੋਈ ਸੀ।
ਸ਼ੈਰਿਫ਼ ਦਫ਼ਤਰ ਨੇ ਕਿਹਾ ਕਿ ਜਾਂਚ ਦੌਰਾਨ ਗੁਰਿੰਦਰ ਦੇ ਬਿਆਨਾਂ ਵਿਚ ਕਈ ਗੱਲਾਂ ਆਪਸ ਵਿਚ ਨਹੀਂ ਮਿਲਦੀਆਂ ਸਨ। ਜਾਂਚਕਰਤਾਵਾਂ ਨੂੰ ਇਹ ਵੀ ਪਤਾ ਲੱਗਾ ਕਿ ਜੋੜੇ ਵਿਚਕਾਰ ਤਲਾਕ ਅਤੇ ਬੱਚੇ ਦੀ ਦੇਖਭਾਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।
1 ਅਕਤੂਬਰ ਨੂੰ ਐਲ ਡੋਰਾਡੋ ਕਾਊਂਟੀ ਵਿਚ ਸੜੇ ਹੋਏ ਮਨੁੱਖੀ ਅਵਸ਼ੇਸ਼ ਮਿਲੇ ਸਨ। ਬਾਅਦ ਵਿਚ ਜਾਂਚ ਰਾਹੀਂ ਪੁਸ਼ਟੀ ਹੋਈ ਕਿ ਉਹ ਜੈਸਮਿਨ ਗਿੱਲ ਦੇ ਸਨ। ਇਸ ਮਾਮਲੇ ਵਿਚ ਜਾਂਚਕਰਤਾਵਾਂ ਨੇ ਗੁਰਿੰਦਰ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ। ਪੁਲਿਸ ਨੇ ਉਸ ਨਾਲ ਜੁੜੇ ਦੋ ਘਰਾਂ ਦੀ ਤਲਾਸ਼ੀ ਵੀ ਲਈ। ਜਾਰੀ ਕੀਤੀ ਪੁਲਿਸ ਰਿਲੀਜ਼ ਵਿਚ ਅੱਗ ਲਗਾਉਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਜੈਸਮਿਨ ਗਿੱਲ ਦੇ ਕਤਲ ਦੇ ਦੋਸ਼ ‘ਚ ਪਤੀ ਗ੍ਰਿਫ਼ਤਾਰ

