#CANADA

ਕੈਨੇਡਾ ‘ਚ ਦਵਾਈਆਂ ਦੀ ਲਗਾਤਾਰ ਘਾਟ ਇੱਕ ਗੰਭੀਰ ਚੁਣੌਤੀ ਬਣੀ

-ਸਿਹਤ ਪ੍ਰਣਾਲੀ ਅਤੇ ਮਰੀਜ਼ਾਂ ਲਈ ਚੁਣੌਤੀਆਂ ਵਧੀਆਂ
ਵਿੰਨੀਪੈੱਗ, 27 ਜੂਨ (ਪੰਜਾਬ ਮੇਲ)- ਕੈਨੇਡਾ ਵਰਗੇ ਵਿਕਸਤ ਦੇਸ਼ ਦੀ ਸਿਹਤ ਪ੍ਰਣਾਲੀ ਨੂੰ ਆਲਮੀ ਪੱਧਰ ‘ਤੇ ਉੱਚ ਮਿਆਰ ਵਾਲੀ ਮੰਨਿਆ ਜਾਂਦਾ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਦਵਾਈਆਂ ਦੀ ਲਗਾਤਾਰ ਘਾਟ ਇੱਕ ਗੰਭੀਰ ਚੁਣੌਤੀ ਬਣ ਕੇ ਸਾਹਮਣੇ ਆਈ ਹੈ। ਕੈਂਸਰ, ਦਿਲ ਦੇ ਰੋਗਾਂ, ਇਨਫੈਕਸ਼ਨ ਅਤੇ ਬੱਚਿਆਂ ਦੇ ਬੁਖ਼ਾਰ ਤੇ ਖੰਘ ਲਈ ਵਰਤੀਆਂ ਜਾਣ ਵਾਲੀਆਂ ਆਮ ਦਵਾਈਆਂ ਤੱਕ ਦੀ ਕਮੀ ਕਾਰਨ ਹਸਪਤਾਲਾਂ ਅਤੇ ਫਾਰਮੇਸੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਸਿੱਧਾ ਅਸਰ ਮਰੀਜ਼ਾਂ ਦੇ ਇਲਾਜ ਅਤੇ ਜਾਨ-ਮਾਲ ‘ਤੇ ਪੈ ਰਿਹਾ ਹੈ।
ਮਾਹਰਾਂ ਅਨੁਸਾਰ ਇਸ ਸੰਕਟ ਦੇ ਪਿੱਛੇ ਕਈ ਸੰਗਠਨਾਤਮਕ ਅਤੇ ਵਿੱਤੀ ਕਾਰਨ ਹਨ। ਕੈਨੇਡਾ ਤਿਆਰ ਦਵਾਈਆਂ ਅਤੇ ਉਨ੍ਹਾਂ ਦੇ ਨਿਰਮਾਣ ਲਈ ਲੋੜੀਂਦੇ ਕੱਚੇ ਮਾਲ (ਐਕਟਿਵ ਫਾਰਮਾਸਿਊਟੀਕਲ ਇੰਗ੍ਰੀਡੀਐਂਟਸ – ਏ.ਪੀ.ਆਈ.) ਲਈ ਵੱਡੇ ਪੱਧਰ ‘ਤੇ ਭਾਰਤ ਅਤੇ ਚੀਨ ਵਰਗੇ ਦੇਸ਼ਾਂ ‘ਤੇ ਨਿਰਭਰ ਕਰਦਾ ਹੈ। ਜੇਕਰ ਇਨ੍ਹਾਂ ਦੇਸ਼ਾਂ ਵਿਚ ਉਤਪਾਦਨ ਜਾਂ ਸਪਲਾਈ ਲੜੀ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਆਉਂਦੀ ਹੈ, ਤਾਂ ਇਸ ਦਾ ਸਿੱਧਾ ਅਸਰ ਕੈਨੇਡਾ ਵਿਚ ਦਵਾਈਆਂ ਦੀ ਉਪਲਬਧਤਾ ‘ਤੇ ਪੈਂਦਾ ਹੈ। ਇਸ ਤੋਂ ਇਲਾਵਾ, ਸਖ਼ਤ ਨਿਯਮਾਂ ਅਤੇ ਗੁਣਵੱਤਾ ਜਾਂਚ ਦੀ ਲੰਮੀ ਪ੍ਰਕਿਰਿਆ ਕਾਰਨ ਨਵੀਆਂ ਦਵਾਈਆਂ ਨੂੰ ਬਾਜ਼ਾਰ ਤੱਕ ਪਹੁੰਚਣ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ।
ਕੀਮਤਾਂ ‘ਤੇ ਸਰਕਾਰੀ ਨਿਯੰਤਰਣ ਵੀ ਇੱਕ ਮਹੱਤਵਪੂਰਨ ਕਾਰਨ ਮੰਨਿਆ ਜਾ ਰਿਹਾ ਹੈ। ਘੱਟ ਮੁਨਾਫ਼ੇ ਕਾਰਨ ਕਈ ਦਵਾਈ ਨਿਰਮਾਤਾ ਕੰਪਨੀਆਂ ਆਪਣੀ ਸਪਲਾਈ ਉਨ੍ਹਾਂ ਦੇਸ਼ਾਂ ਵੱਲ ਮੋੜ ਦਿੰਦੀਆਂ ਹਨ, ਜਿੱਥੇ ਉਨ੍ਹਾਂ ਨੂੰ ਵਧੀਆ ਕੀਮਤ ਮਿਲਦੀ ਹੈ। ਕੈਨੇਡਾ ਦਾ ਬਾਜ਼ਾਰ ਛੋਟਾ ਹੋਣ ਕਰਕੇ ਵੀ ਬਹੁ-ਕੌਮੀ ਕੰਪਨੀਆਂ ਵੱਡੇ ਮੁਲਕਾਂ ਨੂੰ ਪਹਿਲ ਦਿੰਦੀਆਂ ਹਨ। ‘ਪੇਟੈਂਟ ਮੈਡੀਸਨ ਪ੍ਰਾਈਸ ਰਿਵਿਊ ਬੋਰਡ’ (ਪੀ.ਐੱਮ.ਪੀ.ਆਰ.ਬੀ.) ਦੇ ਸਖ਼ਤ ਨਿਯਮਾਂ ਕਾਰਨ ਨਵੀਨਤਾਕਾਰੀ ਦਵਾਈਆਂ ਕੈਨੇਡਾ ਵਿਚ ਦੇਰੀ ਨਾਲ ਆਉਂਦੀਆਂ ਹਨ।
ਦਵਾਈਆਂ ਦੀ ਇਸ ਕਿੱਲਤ ਦਾ ਸਭ ਤੋਂ ਵੱਧ ਅਸਰ ਬਜ਼ੁਰਗਾਂ, ਬੱਚਿਆਂ ਅਤੇ ਸ਼ੂਗਰ, ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ‘ਤੇ ਪੈ ਰਿਹਾ ਹੈ। ਪੰਜਾਬੀ ਭਾਈਚਾਰੇ ਵਿਚ ਵੀ ਵੱਡੀ ਗਿਣਤੀ ਅਜਿਹੇ ਮਰੀਜ਼ਾਂ ਦੀ ਹੈ, ਜੋ ਰੋਜ਼ਾਨਾ ਦਵਾਈਆਂ ‘ਤੇ ਨਿਰਭਰ ਹਨ। ਜਦੋਂ ਕਿਸੇ ਮੁੱਖ ਦਵਾਈ ਦੀ ਘਾਟ ਹੁੰਦੀ ਹੈ, ਤਾਂ ਫਾਰਮਾਸਿਸਟਾਂ ‘ਤੇ ਬਦਲ ਲੱਭਣ ਅਤੇ ਡਾਕਟਰਾਂ ਤੋਂ ਨਵੇਂ ਨੁਸਖ਼ੇ ਲੈਣ ਦਾ ਬੋਝ ਵਧ ਜਾਂਦਾ ਹੈ। ਕਈ ਵਾਰ ਫਾਰਮਾਸਿਸਟਾਂ ਨੂੰ ਬਦਲਵੀਂ ਦਵਾਈ ਦੇਣੀ ਪੈਂਦੀ ਹੈ, ਜਿਸ ਨਾਲ ਖ਼ੁਰਾਕ ਵਿਚ ਤਬਦੀਲੀ ਅਤੇ ਸਾਈਡ ਇਫ਼ੈਕਟਸ (ਦੁਸ਼ਪ੍ਰਭਾਵਾਂ) ਦਾ ਖ਼ਤਰਾ ਵੱਧ ਜਾਂਦਾ ਹੈ। ਇੱਥੋਂ ਤੱਕ ਕਿ ਕਈ ਵਾਰ ਮਰੀਜ਼ਾਂ ਨੂੰ ਆਪਣੀਆਂ ਸਰਜਰੀਆਂ ਜਾਂ ਜ਼ਰੂਰੀ ਇਲਾਜ ਵੀ ਟਾਲਣੇ ਪੈਂਦੇ ਹਨ।
ਸਥਿਤੀ ਨਾਲ ਨਜਿੱਠਣ ਲਈ ਫੈਡਰਲ (ਕੇਂਦਰੀ) ਅਤੇ ਸੂਬਾਈ ਸਰਕਾਰਾਂ ਨੇ ਕੁਝ ਅਹਿਮ ਕਦਮ ਚੁੱਕੇ ਹਨ। ਜ਼ਰੂਰੀ ਦਵਾਈਆਂ ਦੀ ਘਾਟ ਹੋਣ ‘ਤੇ ਅਮਰੀਕਾ ਅਤੇ ਯੂਰਪ ਤੋਂ ਵਿਸ਼ੇਸ਼ ਆਗਿਆ ਤਹਿਤ ਦਵਾਈਆਂ ਮੰਗਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ, ਦੇਸ਼ ਅੰਦਰ ਦਵਾਈ ਨਿਰਮਾਣ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਨਿਵੇਸ਼ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਵਿਦੇਸ਼ੀ ਸਪਲਾਈ ‘ਤੇ ਨਿਰਭਰਤਾ ਨੂੰ ਘਟਾਇਆ ਜਾ ਸਕੇ।