-ਮੋਟੇ ਫਾਇਦੇ ਵਾਲੀਆਂ ਸਕੀਮਾਂ ਦੇ ਲਾਲਚ ਹੇਠ ਡਕਾਰ ਲਏ 14 ਲੱਖ ਡਾਲਰ
ਵੈਨਕੂਵਰ, 27 ਜੂਨ (ਪੰਜਾਬ ਮੇਲ)- ਪੀਲ ਪੁਲਿਸ ਦੀ ਫਰਾਡ ਬਿਊਰੋ ਨੇ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਬਰੈਂਪਟਨ ਰਹਿੰਦੇ ਪ੍ਰਵਾਸੀ ਭਾਰਤੀ ਨਵਦੀਪ ਬੋਪਾਰਾਏ (62) ਖ਼ਿਲਾਫ਼ ਠੱਗੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਉਸ ਨੂੰ 29 ਜੂਨ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਦੋਸ਼ ਹਨ ਕਿ ਉਸ ਵੱਲੋਂ ਬੀ.ਐੱਲ.ਐੱਮ. ਕੈਨੇਡਾ ਕਾਰਪੋਰੇਸ਼ਨ ਨਾਂ ਦੀ ਕੰਪਨੀ ਰਜਿਸਟਰ ਕਰਵਾ ਕੇ ਘਰਾਂ ਦੀ ਖਰੀਦ ਲਈ ਮੋਟੇ ਵਿਆਜ਼ ਤੇ ਕਰਜ਼ਾ ਦੇਣ ਦਾ ਭਰੋਸਾ ਦਿੱਤਾ ਜਾਂਦਾ ਸੀ।
ਨਵਦੀਪ ਨੇ ਬਹੁਤੇ ਬਜ਼ੁਰਗਾਂ ਨੂੰ ਹੀ ਆਪਣਾ ਸ਼ਿਕਾਰ ਬਣਾਇਆ। ਇਸ ਦੌਰਾਨ ਪੁਲਿਸ ਨੇ ਉਸ ਤੋਂ ਪੀੜਤ ਹੋਰ ਲੋਕਾਂ ਨੂੰ ਵੀ ਸਾਹਮਣੇ ਆਉਣ ਲਈ ਕਿਹਾ ਹੈ, ਤਾਂ ਜੋ ਉਸ ਦੀ ਜਾਇਦਾਦ ਤੋਂ ਮਿਲਣ ਵਾਲੀ ਰਕਮ ਸਾਰੇ ਪੀੜਤਾਂ ਨੂੰ ਵੰਡੀ ਜਾ ਸਕੇ।
ਪੁਲਿਸ ਨੇ ਦੱਸਿਆ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਬਜ਼ੁਰਗਾਂ ਨੂੰ ਲਾਲਚ ‘ਚ ਫਸਾਉਣ ‘ਚ ਮਾਹਿਰ ਸੀ ਤੇ ਪੈਸੇ ਲੈਣ ਵਾਲਿਆਂ ਨੂੰ ਪਹਿਲੇ ਮਹੀਨੇ ਤੋਂ ਵਿਆਜ਼ ਦੇ ਕੇ ਉਨ੍ਹਾਂ ਹੋਰ ਗਾਹਕ ਲਿਆਉਣ ਲਈ ਭਰਮਾ ਲੈਂਦਾ ਸੀ। ਅਧਿਕਾਰੀਆਂ ਅਨੁਸਾਰ ਹੁਣ ਤੱਕ ਨਵਦੀਪ ਬੋਪਾਰਾਏ ਵੱਲੋਂ 14 ਲੱਖ ਡਾਲਰ (ਕਰੀਬ 9 ਕਰੋੜ ਰੁਪਏ) ਦੀ ਠੱਗੀ ਮਾਰੀ ਗਈ ਹੈ।
ਬਰੈਂਪਟਨ ‘ਚ ਬਜ਼ੁਰਗਾਂ ਨਾਲ ਠੱਗੀ ਦੇ ਦੋਸ਼ਾਂ ਹੇਠ ਭਾਰਤੀ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

