#AMERICA

ਅਮਰੀਕੀ ਡਿਜ਼ੀਟਲ ਕੰਪਨੀਆਂ ‘ਤੇ ਟੈਕਸ ਲਾਉਣ ‘ਤੇ ਯੂਰਪੀ ਦੇਸ਼ਾਂ ‘ਤੇ ਲੱਗੇਗਾ 100 ਫ਼ੀਸਦੀ ਟੈਰਿਫ਼ : ਟਰੰਪ

ਵਾਸ਼ਿੰਗਟਨ, 27 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਰਪੀ ਦੇਸ਼ਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕਿਸੇ ਵੀ ਦੇਸ਼ ਨੇ ਅਮਰੀਕੀ ਡਿਜ਼ੀਟਲ ਸੇਵਾ ਕੰਪਨੀਆਂ ‘ਤੇ ਟੈਕਸ ਲਗਾਇਆ, ਤਾਂ ਉਸ ਦੇਸ਼ ਤੋਂ ਅਮਰੀਕਾ ਆਉਣ ਵਾਲੇ ਹਰ ਤਰ੍ਹਾਂ ਦੇ ਸਾਮਾਨ ‘ਤੇ 100 ਫ਼ੀਸਦੀ ਟੈਰਿਫ਼ (ਦਰਾਮਦ ਟੈਕਸ) ਲਗਾਇਆ ਜਾਵੇਗਾ।
ਟਰੰਪ ਨੇ ਸੋਸ਼ਲ ਮੀਡੀਆ ‘ਤੇ ਕੀਤੀ ਇੱਕ ਪੋਸਟ ਵਿਚ ਯੂਰਪੀ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉੱਥੇ ਅਮਰੀਕੀ ਕੰਪਨੀਆਂ ‘ਤੇ ਡਿਜ਼ੀਟਲ ਸੇਵਾ ਟੈਕਸ ਲਾਗੂ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਲਿਖਿਆ ਕਿ ਇਸ ਨੂੰ ਅਧਿਕਾਰਤ ਚਿਤਾਵਨੀ ਮੰਨਿਆ ਜਾਵੇ। ਜੇਕਰ ਕੋਈ ਵੀ ਦੇਸ਼ ਅਜਿਹਾ ਟੈਕਸ ਲਾਗੂ ਕਰਦਾ ਹੈ, ਤਾਂ ਉਸ ਦੇਸ਼ ਤੋਂ ਅਮਰੀਕਾ ਭੇਜੇ ਜਾਣ ਵਾਲੇ ਹਰ ਤਰ੍ਹਾਂ ਦੇ ਸਾਮਾਨ ‘ਤੇ ਤੁਰੰਤ 100 ਫ਼ੀਸਦੀ ਟੈਰਿਫ਼ ਲਗਾ ਦਿੱਤਾ ਜਾਵੇਗਾ।
ਟਰੰਪ ਨੇ ਇਹ ਵੀ ਕਿਹਾ ਕਿ ਇਹ ਨਵਾਂ ਟੈਰਿਫ਼ ਪਹਿਲਾਂ ਹੋਏ ਕਿਸੇ ਵੀ ਵਪਾਰਕ ਸਮਝੌਤੇ ਤੋਂ ਉੱਪਰ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਕਿਸੇ ਵੀ ਅਜਿਹੇ ਦੇਸ਼ ਖ਼ਿਲਾਫ਼ ਕੀਤੀ ਜਾਵੇਗੀ, ਜੋ ਅਮਰੀਕੀ ਡਿਜ਼ੀਟਲ ਕੰਪਨੀਆਂ ‘ਤੇ ਇਸ ਤਰ੍ਹਾਂ ਦਾ ਟੈਕਸ ਲਾਗੂ ਕਰੇਗਾ। ਹਾਲਾਂਕਿ ਉਨ੍ਹਾਂ ਨੇ ਆਪਣੀ ਪੋਸਟ ਵਿਚ ਖ਼ਾਸ ਤੌਰ ‘ਤੇ ਯੂਰਪੀ ਦੇਸ਼ਾਂ ਦਾ ਹੀ ਜ਼ਿਕਰ ਕੀਤਾ।