-ਲਾਇਸੈਂਸੀ ਰਿਵਾਲਵਰ ਨਾਲ ਕੀਤੀ ਜਵਾਬੀ ਫਾਇਰਿੰਗ
ਗੁਰਦਾਸਪੁਰ, 20 ਜੂਨ (ਪੰਜਾਬ ਮੇਲ)- ਅੱਜ ਸਵੇਰੇ ਤੜਕਸਾਰ ਪਿੰਡ ਕਿਲ੍ਹਾ ਲਾਲ ਸਿੰਘ ਦੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦੇ ਘਰ ‘ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦ ਨੌਜਵਾਨਾਂ ਵੱਲੋਂ ਘਰ ਦੇ ਗੇਟ ਸਾਹਮਣੇ ਖੜ੍ਹੇ ਹੋ ਫਾਇਰਿੰਗ ਕੀਤੀ, ਤਾਂ ਉਸ ਵੇਲੇ ਅਕਾਲੀ ਆਗੂ ਜਸਵੀਰ ਸਿੰਘ ਗਿੱਲ ਆਪਣੇ ਘਰ ਦੇ ਵਿਹੜੇ ‘ਚ ਸੈਰ ਕਰ ਰਹੇ ਸਨ, ਜਿਵੇਂ ਹੀ ਗੋਲੀ ਚੱਲੀ ਤਾਂ ਉਨ੍ਹਾਂ ਨੇ ਘਰ ਦੇ ਅੰਦਰ ਵੜ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਅਕਾਲੀ ਆਗੂ ਵੱਲੋਂ ਵੀ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਜਵਾਬੀ ਫਾਇਰ ਕੀਤੇ ਗਏ, ਹਾਲਾਂਕਿ ਮੋਟਰਸਾਈਕਲ ਸਵਾਰ ਘਟਨਾ ਨੂੰ ਅੰਜਾਮ ਦੇ ਕੇ ਮੌਕੇ ‘ਤੇ ਫਰਾਰ ਹੋ ਗਏ।
ਇਸ ਦੌਰਾਨ ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਦੇਰ ਪਹਿਲਾਂ ਧਮਕੀਆਂ ਮਿਲੀਆਂ ਸਨ। ਇਸੇ ਤਰ੍ਹਾਂ ਇਕ ਸਾਲ ਪਹਿਲਾਂ ਉਨ੍ਹਾਂ ਦੇ ਫਾਰਮ ‘ਤੇ ਵੀ ਹਮਲਾ ਹੋਇਆ ਸੀ। ਦੂਜੇ ਪਾਸੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਥਾਣਾ ਕਿਲ੍ਹਾ ਲਾਲ ਸਿੰਘ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਸਬੀਰ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲੇ ਜਾ ਰਹੇ ਹਨ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਅਕਾਲੀ ਆਗੂ ਦੇ ਘਰ ‘ਤੇ ਅਣਪਛਾਤੇ ਨੌਜਵਾਨ ਵੱਲੋਂ ਫਾਇਰਿੰਗ!

