-ਹਮਲੇ ਅਮਰੀਕਾ ਨਾਲ ਹੋਏ ਸ਼ਾਂਤੀ ਸਮਝੌਤੇ ਦੀ ਸਪੱਸ਼ਟ ਉਲੰਘਣਾ ਕਰਾਰ
ਤਹਿਰਾਨ, 20 ਜੂਨ (ਪੰਜਾਬ ਮੇਲ)- ਮੱਧ ਪੂਰਬ ‘ਚ ਵਧ ਰਹੇ ਤਣਾਅ ਦੇ ਵਿਚਕਾਰ ਈਰਾਨ ਦੀ ਫੌਜੀ ਕਮਾਂਡ ਨੇ ਐਲਾਨ ਕੀਤਾ ਹੈ ਕਿ ਉਸਨੇ ਤੇਲ ਦੀ ਸਪਲਾਈ ਲਈ ਮਹੱਤਵਪੂਰਨ ਹੋਰਮੁਜ਼ ਨੂੰ ਮੁੜ ਬੰਦ ਕਰ ਦਿੱਤਾ ਹੈ। ਈਰਾਨ ਦੇ ਕੇਂਦਰੀ ਮਿਲਟਰੀ ਕਮਾਂਡ ਅਨੁਸਾਰ, ਇਹ ਕਾਰਵਾਈ ਲੇਬਨਾਨ ਵਿਚ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਦੇ ਵਿਰੋਧ ਵਿਚ ਕੀਤੀ ਗਈ ਹੈ। ਤਹਿਰਾਨ ਨੇ ਇਨ੍ਹਾਂ ਹਮਲਿਆਂ ਨੂੰ ਅਮਰੀਕਾ ਨਾਲ ਹੋਏ ਸਮਝੌਤੇ ਦੀ ਸਪੱਸ਼ਟ ਉਲੰਘਣਾ ਕਰਾਰ ਦਿੱਤਾ ਹੈ।
ਖਾਤਮ-ਅਲ ਅੰਬੀਆ ਕੇਂਦਰੀ ਹੈੱਡਕੁਆਰਟਰ ਵੱਲੋਂ ਸਰਕਾਰੀ ਟੀ.ਵੀ. ‘ਤੇ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਹਾਜ਼ਾਂ ਦੀ ਆਵਾਜਾਈ ਨੂੰ ਰੋਕਣਾ ‘ਦੁਸ਼ਮਣ ਵੱਲੋਂ ਕੀਤੀ ਗਈ ਵਾਅਦਾ-ਖਿਲਾਫੀ’ ਦਾ ਪਹਿਲਾ ਜਵਾਬ ਹੈ। ਬਿਆਨ ਵਿਚ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਜ਼ਰਾਈਲੀ ਹਮਲੇ ਜਾਰੀ ਰਹਿੰਦੇ ਹਨ, ਤਾਂ ਦੁਸ਼ਮਣ ਨੂੰ ਆਪਣੀਆਂ ਜ਼ਿੰਮੇਵਾਰੀਆਂ ਮੰਨਣ ਲਈ ਮਜ਼ਬੂਰ ਕਰਨ ਵਾਸਤੇ ਹੋਰ ਸਖ਼ਤ ਕਦਮ ਚੁੱਕੇ ਜਾਣਗੇ।
ਦੂਜੇ ਪਾਸੇ, ਅਮਰੀਕੀ ਉਪ ਰਾਸ਼ਟਰਪਤੀ ਵੈਂਸ ਨੇ ਇੱਕ ਇੰਟਰਵਿਊ ਦੌਰਾਨ ਸੰਕੇਤ ਦਿੱਤਾ ਹੈ ਕਿ ਈਰਾਨ ਨਾਲ ਜੰਗ ਖਤਮ ਕਰਨ ਲਈ ਐਤਵਾਰ ਨੂੰ ਮਹੱਤਵਪੂਰਨ ਗੱਲਬਾਤ ਸੰਭਵ ਹੈ। ਇਸ ਉਦੇਸ਼ ਲਈ ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਤੇ ਜੇਰਡ ਕੁਸ਼ਨਰ ਗੱਲਬਾਤ ਲਈ ਸਵਿਟਜ਼ਰਲੈਂਡ ‘ਚ ਮੌਜੂਦ ਹਨ।
ਹਾਲਾਂਕਿ, ਅਮਰੀਕਾ ਨੇ ਈਰਾਨ ਦੇ ਦਾਅਵਿਆਂ ਦੇ ਉਲਟ ਕਿਹਾ ਹੈ ਕਿ ਫਿਲਹਾਲ ਹੋਰਮੁਜ਼ ਦੀ ਜਲਡਮਰੂਮੱਧ ਬੰਦ ਹੋਣ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ। ਅਮਰੀਕੀ ਪ੍ਰਸ਼ਾਸਨ ਨੇ ਭਰੋਸਾ ਜਤਾਇਆ ਹੈ ਕਿ ਉਹ ਜੰਗਬੰਦੀ ਨੂੰ ਬਰਕਰਾਰ ਰੱਖਣ ਵਿਚ ਸਫਲ ਹੋਵੇਗਾ। ਅੰਤਰਰਾਸ਼ਟਰੀ ਭਾਈਚਾਰਾ ਇਸ ਸਮੇਂ ਸਵਿਟਜ਼ਰਲੈਂਡ ਵਿਚ ਹੋਣ ਵਾਲੀ ਗੱਲਬਾਤ ਦੇ ਨਤੀਜਿਆਂ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਖੇਤਰ ਵਿਚ ਵੱਡੇ ਟਕਰਾਅ ਨੂੰ ਰੋਕਿਆ ਜਾ ਸਕੇ।
ਇਰਾਨ ਵੱਲੋਂ ਲੇਬਨਾਨ ਵਿਚ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਦੇ ਵਿਰੋਧ ਹੋਰਮੁਜ਼ ਮੁੜ ਬੰਦ!

