ਸਿਡਨੀ, 19 ਜੂਨ (ਪੰਜਾਬ ਮੇਲ)- ਆਸਟ੍ਰੇਲੀਆ ਸਰਕਾਰ ਨੇ ਵਿਦਿਆਰਥੀ ਵੀਜ਼ਾ ਫੀਸ ਦੋ ਗੁਣਾ ਤੋਂ ਵੀ ਵੱਧ ਕਰ ਦਿੱਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਸਰਕਾਰ ਨੇ ਵਿਦਿਆਰਥੀ ਵੀਜ਼ਾ ਫੀਸ 710 ਆਸਟ੍ਰੇਲੀਆਈ ਡਾਲਰ ਤੋਂ ਵਧਾ ਕੇ 1,600 ਆਸਟ੍ਰੇਲੀਆਈ ਡਾਲਰ (46,000 ਤੋਂ 1.05 ਲੱਖ ਰੁਪਏ) ਕਰ ਦਿੱਤੀ ਹੈ। ਆਸਟ੍ਰੇਲੀਆ ਸਰਕਾਰ ਦੇ ਇਸ ਫ਼ੈਸਲੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸਿੱਖਿਆ ਖੇਤਰ ਦੇ ਸੰਗਠਨਾਂ ‘ਚ ਰੋਸ ਪੈਦਾ ਹੋ ਗਿਆ ਹੈ। ਸਰਕਾਰ ਦਾ ਇਹ ਫ਼ੈਸਲਾ ਦੇਸ਼ ਵੱਲੋਂ ਪੋਸਟ ਸਟੱਡੀ ਵਰਕ ਵੀਜ਼ਾ ਫੀਸ ਦੁੱਗਣੀ ਕਰਨ ਦੇ ਕੁਝ ਹੀ ਮਹੀਨਿਆਂ ਬਾਅਦ ਆਇਆ ਹੈ। ਇਸ ਵੱਡੇ ਫ਼ੈਸਲੇ ਨਾਲ ਆਸਟ੍ਰੇਲੀਆ ਵਿਦਿਆਰਥੀ ਵੀਜ਼ਾ ਫੀਸ ਦੇ ਮਾਮਲੇ ਵਿਚ ਗਲੋਬਲ ਰੈਂਕਿੰਗ ਵਿਚ ਸਿਖਰ ‘ਤੇ ਪਹੁੰਚ ਗਿਆ ਹੈ ਅਤੇ ਇਸ ਨੇ ਕੈਨੇਡਾ, ਨਿਊਜ਼ੀਲੈਂਡ, ਅਮਰੀਕਾ ਅਤੇ ਯੂ.ਕੇ. ਨੂੰ ਪਿੱਛੇ ਛੱਡ ਦਿੱਤਾ ਹੈ।
ਨਵੀਨਤਮ ਤਬਦੀਲੀਆਂ ਵਿਚ ਦੇਸ਼ ਅੰਦਰੋਂ ਵੀਜ਼ਾ ਅਰਜ਼ੀਆਂ ਦੇਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤਬਦੀਲੀ ਨਾਲ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਇਸ ਸਮੇਂ ਆਸਟ੍ਰੇਲੀਆ ਵਿਚ ਅਸਥਾਈ ਗ੍ਰੈਜੂਏਟ, ਵਿਜ਼ਟਰ ਜਾਂ ਮੈਰੀਟਾਈਮ ਕਰੂ ਵੀਜ਼ਾ ‘ਤੇ ਹਨ, ਹੁਣ ਉਹ ਦੇਸ਼ ਦੇ ਅੰਦਰੋਂ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਨਹੀਂ ਦੇ ਸਕਣਗੇ, ਉਨ੍ਹਾਂ ਨੂੰ ਹੁਣ ਵਿਦੇਸ਼ਾਂ ਤੋਂ ਅਰਜ਼ੀਆਂ ਜਮ੍ਹਾਂ ਕਰਾਉਣੀਆਂ ਪੈਣਗੀਆਂ। ਇਸ ਤੋਂ ਇਲਾਵਾ ਆਸਟ੍ਰੇਲੀਆਈ ਸਰਕਾਰ ਨੇ ਪਹਿਲਾਂ ਹੀ ਅਸਥਾਈ ਗ੍ਰੈਜੂਏਟ ਵੀਜ਼ਾ ਬਿਨੈਕਾਰਾਂ ਲਈ ਉਮਰ ਸੀਮਾ 50 ਤੋਂ ਘਟਾ ਕੇ 35 ਸਾਲ ਕਰ ਦਿੱਤੀ ਹੈ, ਜੋ ਕਿ 1 ਜੁਲਾਈ ਤੋਂ ਲਾਗੂ ਹੋਵੇਗੀ।
ਆਸਟ੍ਰੇਲੀਆ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਭ ਤੋਂ ਵੱਡੇ ਸਮੂਹਾਂ ਵਿਚੋਂ ਭਾਰਤੀ ਵਿਦਿਆਰਥੀਆਂ ਹਨ, ਜਿਨ੍ਹਾਂ ‘ਤੇ ਇਸ ਫ਼ੈਸਲੇ ਦਾ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ। ਫ਼ੀਸ ਵਿਚ ਵਾਧਾ ਉਸ ਸਮੇਂ ਹੋਇਆ ਹੈ, ਜਦੋਂ ਅੰਤਰਰਾਸ਼ਟਰੀ ਗ੍ਰੈਜੂਏਟ ਪਹਿਲਾਂ ਹੀ ਆਸਟ੍ਰੇਲੀਆ ਵਿਚ ਕੰਮ ਲੱਭਣ ਲਈ ਸੰਘਰਸ਼ ਕਰ ਰਹੇ ਸਨ।
ਆਸਟ੍ਰੇਲੀਆ ਸਰਕਾਰ ਨੇ ਸਟੂਡੈਂਟ ਵੀਜ਼ਾ ਫੀਸ ‘ਚ ਦੋ ਗੁਣਾ ਤੋਂ ਵੱਧ ਦਾ ਕੀਤਾ ਵਾਧਾ!

