ਹਵਾਈ ਹਮਲਿਆਂ ਨਾਲ ਦਹਿਲਾਏ ਆਈ.ਐੱਸ.ਆਈ.ਐੱਸ. ਦੇ ਟਿਕਾਣੇ
ਕਾਬੁਲ, 19 ਜੂਨ (ਪੰਜਾਬ ਮੇਲ)- ਗੁਆਂਢੀ ਦੇਸ਼ਾਂ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਤਣਾਅ ਖ਼ਤਰਨਾਕ ਮੋੜ ‘ਤੇ ਪਹੁੰਚ ਗਿਆ ਹੈ। ਡੂਰੰਡ ਲਾਈਨ ‘ਤੇ ਵਧਦੇ ਟਕਰਾਅ ਦਰਮਿਆਨ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਸਥਿਤੀ ਬੇਹੱਦ ਵਿਸਫੋਟਕ ਹੋ ਗਈ ਹੈ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਉਸ ਦੀ ਹਵਾਈ ਫੌਜ ਨੇ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਵੜ ਕੇ ਆਈ.ਐੱਸ.ਆਈ.ਐੱਸ. ਦੇ ਕਈ ਟਿਕਾਣਿਆਂ ‘ਤੇ ਰਾਤੋ-ਰਾਤ ਭਾਰੀ ਏਅਰਸਟ੍ਰਾਈਕ ਕੀਤੀ ਹੈ। ਅਫਗਾਨਿਸਤਾਨ ਨੇ ਇਸ ਕਾਰਵਾਈ ਨੂੰ ‘ਰੱਖਿਆਤਮਕ ਕਦਮ’ ਦੱਸਿਆ ਹੈ।
ਅਫਗਾਨ ਰੱਖਿਆ ਮੰਤਰਾਲੇ ਅਨੁਸਾਰ ਇਹ ਹਮਲੇ ਪਾਕਿਸਤਾਨ ਦੇ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬਿਆਂ ‘ਚ ਕੀਤੇ ਗਏ ਹਨ। ਬਲੋਚਿਸਤਾਨ ਦੇ ਕਿਲਾ ਅਬਦੁੱਲਾ ਜ਼ਿਲ੍ਹੇ ਦੇ ਗੁਲਿਸਤਾਨ ਇਲਾਕੇ ਅਤੇ ਚਾਗੀ ਜ਼ਿਲ੍ਹੇ ਦੇ ਸ਼ਕਰ ਅਬ ਜੰਗਲ ਗਾਰਡੀ ਖੇਤਰ ਵਿਚ ਆਈ.ਐੱਸ.ਆਈ.ਐੱਸ. ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਮੰਤਰਾਲੇ ਦਾ ਦਾਅਵਾ ਹੈ ਕਿ ਇਹ ਟਿਕਾਣੇ ਆਈ.ਐੱਸ.ਆਈ.ਐੱਸ. ਦੇ ਅੱਤਵਾਦੀਆਂ ਅਤੇ ਹੋਰ ਵਿਰੋਧੀ ਤਾਕਤਾਂ ਦੇ ਸਾਂਝੇ ਕੇਂਦਰ ਸਨ।
ਖੈਬਰ ਪਖਤੂਨਖਵਾ ਦੇ ਓਰਕਜ਼ਈ ਏਜੰਸੀ ਦੇ ਕੰਬਰ ਖੇਲ ਇਲਾਕੇ ‘ਚ ਸਥਿਤ ‘ਆਈ.ਐੱਸ.ਆਈ.ਐੱਸ.-ਖੁਰਾਸਾਨ’ (ਆਈ.ਐੱਸ.ਆਈ.ਐੱਸ.-ਕੇ) ਦੀ ਸਹੂਲਤ ‘ਤੇ ਵੀ ਸਫਲ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਥਾਂ ‘ਤੇ ਅੱਤਵਾਦੀ ਸੰਗਠਨ ਦੇ ਕਈ ਮੁੱਖ ਆਗੂ ਅਕਸਰ ਆਉਂਦੇ-ਜਾਂਦੇ ਸਨ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਅਫਗਾਨ ਫੌਜ ਨੇ ਆਪਣੇ ਸਾਰੇ ਮਿੱਥੇ ਹੋਏ ‘ਹਾਈ-ਵੈਲਿਊ ਟਾਰਗੇਟਸ’ ਨੂੰ ਸਫਲਤਾਪੂਰਵਕ ਤਬਾਹ ਕਰ ਦਿੱਤਾ ਹੈ।
ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਅਨੁਸਾਰ ਇਹ ਟਿਕਾਣੇ ”ਦੁਸ਼ਮਣ ਖੁਫੀਆ ਸਰਕਲਾਂ” ਦੀ ਮਦਦ ਨਾਲ ਅਫਗਾਨਿਸਤਾਨ ਵਿਰੁੱਧ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਲਈ ਵਰਤੇ ਜਾ ਰਹੇ ਸਨ। ਮੰਤਰਾਲੇ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਕਿਹਾ ਕਿ ਇਨ੍ਹਾਂ ਅੱਡਿਆਂ ਤੋਂ ਪਹਿਲਾਂ ਵੀ ਕਈ ਘਾਤਕ ਹਮਲੇ ਕੀਤੇ ਜਾ ਚੁੱਕੇ ਹਨ। ਅਫਗਾਨਿਸਤਾਨ ਨੇ ਆਪਣੀ ਸੁਰੱਖਿਆ ਨੀਤੀ ਵਿਚ ਵੱਡੇ ਬਦਲਾਅ ਦਾ ਸੰਕੇਤ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਹੁਣ ਆਪਣੀ ਸਥਿਰਤਾ ਲਈ ਕਿਸੇ ਵੀ ਖ਼ਤਰੇ ਨੂੰ ਬਰਦਾਸ਼ਤ ਨਹੀਂ ਕਰੇਗਾ। ਰੱਖਿਆ ਮੰਤਰਾਲੇ ਨੇ ਦੁਹਰਾਇਆ ਕਿ ਅਫਗਾਨਿਸਤਾਨ ਆਪਣੀ ਸੁਰੱਖਿਆ ਲਈ ਉਪਲਬਧ ਸਾਰੀ ਫੌਜੀ ਸ਼ਕਤੀ ਦੀ ਵਰਤੋਂ ਕਰੇਗਾ ਅਤੇ ਦੇਸ਼ ਦੇ ਵਿਰੁੱਧ ਉੱਠਣ ਵਾਲੇ ਹਰ ਖ਼ਤਰੇ ਨੂੰ ਜੜ੍ਹੋਂ ਖ਼ਤਮ ਕਰ ਦੇਵੇਗਾ। ਇਸ ਏਅਰਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸਰਹੱਦੀ ਇਲਾਕਿਆਂ ‘ਚ ਭਾਰੀ ਤਣਾਅ ਪਾਇਆ ਜਾ ਰਿਹਾ ਹੈ।
ਅਫਗਾਨ ਮੰਤਰਾਲੇ ਅਨੁਸਾਰ ਇਹ ਜਵਾਬੀ ਕਾਰਵਾਈ ਪਿਛਲੇ ਹਫ਼ਤੇ ਪਾਕਿਸਤਾਨੀ ਹਵਾਈ ਸੈਨਾ (ਪੀ.ਏ.ਐੱਫ.) ਵੱਲੋਂ ਅਫਗਾਨਿਸਤਾਨ ਦੇ ਨੰਗਰਹਾਰ ਅਤੇ ਪਕਤੀਆ ਸੂਬਿਆਂ ਵਿਚ ਕੀਤੇ ਗਏ ਘਾਤਕ ਹਮਲਿਆਂ ਤੋਂ ਬਾਅਦ ਕੀਤੀ ਗਈ ਹੈ, ਜਿਨ੍ਹਾਂ ਵਿਚ ਕਈ ਅਫਗਾਨ ਔਰਤਾਂ ਅਤੇ ਬੱਚੇ ਮਾਰੇ ਗਏ ਸਨ। ਤਾਲਿਬਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਡਰੋਨਾਂ ਨੇ ਪਾਕਿਸਤਾਨੀ ਸਰਹੱਦ ਦੇ ਅੰਦਰ ਗੁਲਿਸਤਾਨ, ਸ਼ਕਰ ਅਬ ਅਤੇ ਕੰਬਰ ਖੇਲ ਵਰਗੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਦੀ ਵਰਤੋਂ ਆਈ.ਐੱਸ.ਆਈ.ਐੱਸ.-ਕੇ ਵੱਲੋਂ ਅਫਗਾਨਿਸਤਾਨ ਦੇ ਖਿਲਾਫ ਹਮਲਿਆਂ ਦੀ ਯੋਜਨਾ ਬਣਾਉਣ, ਭਰਤੀ ਅਤੇ ਸਿਖਲਾਈ ਲਈ ਕੀਤੀ ਜਾ ਰਹੀ ਸੀ। ਹਾਲਾਂਕਿ ਪਾਕਿਸਤਾਨ ਨੇ ਅਜੇ ਤੱਕ ਤਾਲਿਬਾਨ ਦੇ ਇਨ੍ਹਾਂ ਡਰੋਨ ਹਮਲਿਆਂ ਦੇ ਦਾਅਵਿਆਂ ‘ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਅਫਗਾਨਿਸਤਾਨ ਵੱਲੋਂ ਪਾਕਿਸਤਾਨ ‘ਤੇ ਭਾਰੀ ‘ਏਅਰਸਟ੍ਰਾਈਕ’!

