#AMERICA

ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ਦੀ ਆਲੋਚਨਾ ਕਰਨ ‘ਤੇ ਇਜ਼ਰਾਈਲ ‘ਤੇ ਭੜਕੇ ਜੇ.ਡੀ. ਵੈਂਸ

ਵਾਸ਼ਿੰਗਟਨ, 19 ਜੂਨ (ਪੰਜਾਬ ਮੇਲ)- ਈਰਾਨ ਨਾਲ ਹੋਏ ਹਾਲੀਆ ਸ਼ਾਂਤੀ ਸਮਝੌਤੇ ਨੂੰ ਲੈ ਕੇ ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਪੈਦਾ ਹੋਈ ਦਰਾਰ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇਸ ਸਮਝੌਤੇ ਦੀ ਆਲੋਚਨਾ ਕਰਨ ਵਾਲੇ ਇਜ਼ਰਾਈਲੀ ਸਰਕਾਰ ਦੇ ਮੰਤਰੀਆਂ ‘ਤੇ ਤਿੱਖਾ ਹਮਲਾ ਬੋਲਿਆ ਹੈ। ਵੈਂਸ ਨੇ ਇਜ਼ਰਾਈਲੀ ਨੇਤਾਵਾਂ ਨੂੰ ਸਖ਼ਤ ਲਹਿਜੇ ਵਿਚ ‘ਹਕੀਕਤ ਸਮਝਣ’ ਦੀ ਨਸੀਹਤ ਦਿੱਤੀ ਹੈ।
ਵੈਂਸ ਨੇ ਇਜ਼ਰਾਈਲੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਇਜ਼ਰਾਈਲ ਇਸ ਸਮੇਂ ਬੁਰੀ ਤਰ੍ਹਾਂ ਅਲੱਗ-ਥਲੱਗ ਪੈ ਗਿਆ ਹੈ ਅਤੇ ਉਸ ਦੇ ਨੇਤਾ ਅਮਰੀਕੀ ਕੂਟਨੀਤਕ ਅਤੇ ਫੌਜੀ ਸਮਰਥਨ ਦੀ ਅਹਿਮੀਅਤ ਨੂੰ ਸਮਝਣ ਵਿਚ ਨਾਕਾਮ ਰਹੇ ਹਨ। ਵ੍ਹਾਈਟ ਹਾਊਸ ਵਿਚ ਇੱਕ ਪ੍ਰੈੱਸ ਬ੍ਰੀਫਿੰਗ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਹੀ ਦੁਨੀਆਂ ਦੇ ਇਕਲੌਤੇ ਅਜਿਹੇ ਰਾਸ਼ਟਰਪਤੀ ਹਨ, ਜੋ ਇਸ ਸਮੇਂ ਇਜ਼ਰਾਈਲ ਪ੍ਰਤੀ ਹਮਦਰਦੀ ਰੱਖਦੇ ਹਨ। ਵੈਂਸ ਨੇ ਕਿਹਾ, ”ਇਜ਼ਰਾਈਲ ਵਿਚ ਜੋ ਕੋਈ ਵੀ ਇਹ ਸੋਚਦਾ ਹੈ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਸਮੱਸਿਆ ਅਮਰੀਕਾ ਦੇ ਰਾਸ਼ਟਰਪਤੀ ਹਨ, ਤਾਂ ਉਨ੍ਹਾਂ ਨੂੰ ਜਾਗਣ ਦੀ ਲੋੜ ਹੈ”। ਉਨ੍ਹਾਂ ਨੇ ਇਜ਼ਰਾਈਲੀ ਕੈਬਨਿਟ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਕਲੌਤੇ ਸ਼ਕਤੀਸ਼ਾਲੀ ਸਹਿਯੋਗੀ (ਅਮਰੀਕਾ) ‘ਤੇ ਹਮਲਾ ਨਹੀਂ ਕਰਨਾ ਚਾਹੀਦਾ।
ਜ਼ਿਕਰਯੋਗ ਹੈ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਕੈਬਨਿਟ ਦੇ ਕਈ ਮੈਂਬਰ ਇਸ ਸਮਝੌਤੇ ਦਾ ਵਿਰੋਧ ਕਰ ਰਹੇ ਹਨ। ਇਜ਼ਰਾਈਲ ਦਾ ਤਰਕ ਹੈ ਕਿ ਇਹ ਸਮਝੌਤਾ ਤੇਹਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਬੈਲਿਸਟਿਕ ਮਿਜ਼ਾਈਲ ਸਮਰੱਥਾ ‘ਤੇ ਰੋਕ ਲਗਾਉਣ ਵਿਚ ਨਾਕਾਮ ਰਿਹਾ ਹੈ। ਇਸ ਤੋਂ ਇਲਾਵਾ ਇਜ਼ਰਾਈਲ ਨੂੰ ਡਰ ਹੈ ਕਿ ਇਸ ਨਾਲ ਲੇਬਨਾਨ ਵਿਚ ਹਿਜ਼ਬੁੱਲ੍ਹਾ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਉਸ ਦੀ ਆਜ਼ਾਦੀ ਸੀਮਤ ਹੋ ਜਾਵੇਗੀ। ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਇਤਮਾਰ ਬੇਨ-ਗਵਿਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਇਜ਼ਰਾਈਲ ਟਰੰਪ ਦੇ ਸਮਝੌਤੇ ਨਾਲ ਬੱਝਿਆ ਹੋਇਆ ਨਹੀਂ ਹੈ। ਅਮਰੀਕਾ ਅਤੇ ਇਜ਼ਰਾਈਲ ਨੇ ਮਿਲ ਕੇ 28 ਫਰਵਰੀ ਨੂੰ ਈਰਾਨ ਵਿਰੁੱਧ ਸਾਂਝੀ ਜੰਗ ਸ਼ੁਰੂ ਕੀਤੀ ਸੀ, ਜੋ 39 ਦਿਨਾਂ ਤੱਕ ਚੱਲੀ। ਇਸ ਮੁਹਿੰਮ ਦੌਰਾਨ ਦੋਵਾਂ ਦੇਸ਼ਾਂ ਵਿਚ ਗੂੜ੍ਹਾ ਤਾਲਮੇਲ ਸੀ, ਪਰ 8 ਅਪ੍ਰੈਲ ਨੂੰ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਸਥਿਤੀ ਬਦਲ ਗਈ। ਜਿੱਥੇ ਨੇਤਨਯਾਹੂ ਜੰਗ ਜਾਰੀ ਰੱਖਣਾ ਚਾਹੁੰਦੇ ਸਨ, ਉੱਥੇ ਹੀ ਟਰੰਪ ਨੇ ਜੰਗ ਖ਼ਤਮ ਕਰਨ ਵੱਲ ਕਦਮ ਵਧਾਏ, ਜਿਸ ਕਾਰਨ ਹੁਣ ਦੋਵਾਂ ਸਹਿਯੋਗੀਆਂ ਵਿਚਾਲੇ ਤਣਾਅ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ।