#AMERICA

ਅਮਰੀਕਾ ‘ਚ 2 ਭਾਰਤੀ ਵਿਦਿਆਰਥਣਾਂ ਦੀ ਡੁੱਬਣ ਕਾਰਨ ਮੌਤ

ਕੈਲੀਫੋਰਨੀਆ, 19 ਜੂਨ (ਪੰਜਾਬ ਮੇਲ)- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੈਂਟਾ ਕਰੂਜ਼ ਕਾਉਂਟੀ ਦੇ ਤੱਟ ‘ਤੇ ਭਾਰਤੀ ਮੂਲ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਪ੍ਰਸ਼ਾਂਤ ਮਹਾਂਸਾਗਰ ਦੀਆਂ ਤੇਜ਼ ਲਹਿਰਾਂ ਦੀ ਲਪੇਟ ਵਿਚ ਆ ਗਈਆਂ। ਇਸ ਹਾਦਸੇ ਵਿਚ 21 ਸਾਲਾ ਹਰਸ਼ਿਤਾ ਨਾਇਰ ਅਤੇ 20 ਸਾਲਾ ਮਹੀਆਲ ਸਰਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਪੂਰੇ ਭਾਰਤੀ-ਅਮਰੀਕੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ 10 ਜੂਨ ਨੂੰ ਬੋਨੀ ਡੂਨ ਬੀਚ ਅਤੇ ਯੈਲੋ ਬੈਂਕ ਬੀਚ ਦੇ ਵਿਚਕਾਰ ਸਥਿਤ ਇੱਕ ਪਥਰੀਲੇ ਇਲਾਕੇ ਵਿਚ ਵਾਪਰਿਆ, ਜਿਸ ਨੂੰ ‘ਕੀਹੋਲ’ ਵਜੋਂ ਜਾਣਿਆ ਜਾਂਦਾ ਹੈ। ਦੋਵੇਂ ਸਹੇਲੀਆਂ ਸਮੁੰਦਰ ਕਿਨਾਰੇ ਬੈਠੀਆਂ ਸਨ ਕਿ ਅਚਾਨਕ ਪਾਣੀ ਦੀਆਂ ਤੇਜ ਲਹਿਰਾਂ ਉਨਾਂ ਨੂੰ ਪਾਣੀ ਵਿਚ ਵਹਾ ਕੇ ਲੈ ਗਈਆਂ। ਹਾਦਸੇ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ, ਲਾਈਫਗਾਰਡ ਅਤੇ ਹੈਲੀਕਾਪਟਰ ਦੀ ਮਦਦ ਨਾਲ ਇੱਕ ਵੱਡੀ ਬਚਾਅ ਮੁਹਿੰਮ ਚਲਾਈ ਗਈ। ਅੱਠ ਬਚਾਅ ਤੈਰਾਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਦੋਵਾਂ ਕੁੜੀਆਂ ਨੂੰ ਬਾਹਰ ਕੱਢਿਆ। ਹਾਲਾਂਕਿ ਹਰਸ਼ਿਤਾ ਨਾਇਰ ਨੇ ਬਚਾਅ ਦੇ ਤੁਰੰਤ ਬਾਅਦ ਦਮ ਤੋੜ ਦਿੱਤਾ, ਜਦਕਿ ਮਹੀਆਲ ਸਰਾਂ ਦੀ ਤਿੰਨ ਦਿਨਾਂ ਤੱਕ ਹਸਪਤਾਲ ਵਿਚ ਮੌਤ ਨਾਲ ਜੰਗ ਲੜਨ ਤੋਂ ਬਾਅਦ 13 ਜੂਨ ਨੂੰ ਮੌਤ ਹੋ ਗਈ।
ਮ੍ਰਿਤਕ ਹਰਸ਼ਿਤਾ ਨਾਇਰ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਬਰਕਲੇ ਵਿਚ ਲੀਗਲ ਸਟੱਡੀਜ਼ ਦੀ ਪੜ੍ਹਾਈ ਕਰ ਰਹੀ ਸੀ, ਜਦਕਿ ਮਹੀਆਲ ਸਰਾਂ ਸੈਨਹੋਜ਼ੇ ਸਟੇਟ ਯੂਨੀਵਰਸਿਟੀ ਵਿਚ ਪਬਲਿਕ ਹੈਲਥ ਦੀ ਵਿਦਿਆਰਥਣ ਸੀ। ਦੋਵੇਂ ਫਰੀਮਾਂਟ ਦੀਆਂ ਰਹਿਣ ਵਾਲੀਆਂ ਸਨ ਅਤੇ 2023 ਵਿਚ ਵਾਸ਼ਿੰਗਟਨ ਹਾਈ ਸਕੂਲ ਤੋਂ ਗ੍ਰੈਜੂਏਟ ਹੋਈਆਂ ਸਨ। ਉਨ੍ਹਾਂ ਦੇ ਅਧਿਆਪਕਾਂ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਬੇਹੱਦ ਮਿਹਨਤੀ ਅਤੇ ਮਿਲਣਸਾਰ ਦੱਸਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ‘ਕੀਹੋਲ’ ਇਲਾਕਾ ਸੈਲਾਨੀਆਂ ਲਈ ਬਹੁਤ ਖ਼ਤਰਨਾਕ ਹੈ ਕਿਉਂਕਿ ਇੱਥੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧਦਾ ਹੈ, ਜਿਸ ਕਾਰਨ ਬਚਣ ਦਾ ਰਸਤਾ ਨਹੀਂ ਮਿਲਦਾ। ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੁੰਦਰ ਦੇ ਕਿਨਾਰੇ ਜਾਣ ਸਮੇਂ ਜਵਾਰਭਾਟੇ ਦੀ ਭਵਿੱਖਬਾਣੀ ਨੂੰ ਜ਼ਰੂਰ ਦੇਖਣ ਅਤੇ ਖ਼ਤਰਨਾਕ ਇਲਾਕਿਆਂ ਵਿਚ ਜਾਣ ਤੋਂ ਗੁਰੇਜ਼ ਕਰਨ।