#CANADA

ਕੈਨੇਡਾ ‘ਚ ਪੀ.ਆਰ. ਲਈ ਫਰਜ਼ੀ ਵਿਆਹ ਕਰਵਾਉਣ ਵਾਲਿਆਂ ਦੇ ਵੀਜ਼ੇ ਕੀਤੇ ਜਾਣਗੇ ਰੱਦ!

ਕਾਰਨੀ ਸਰਕਾਰ ਨੇ ਸਪਾਂਸਰ ਕਰਨ ਵਾਲਿਆਂ ਨੂੰ ਸਖ਼ਤ ਨਿਯਮਾਂ ਦੇ ਦਾਇਰੇ ਹੇਠ ਲਿਆਂਦਾ; ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਵਿਨੀਪੈਗ, 25 ਮਈ (ਪੰਜਾਬ ਮੇਲ)- ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀ ਤੇ ਸਿਟੀਜ਼ਨਸ਼ਿਪ ਵਿਭਾਗ ਨੇ ਕਿਹਾ ਕਿ ਪੀ.ਆਰ. (ਸਥਾਈ ਨਿਵਾਸ) ਲਈ ਫ਼ਰਜ਼ੀ ਵਿਆਹ ਕਰਵਾਉਣ ਵਾਲਿਆਂ ਦੇ ਵੀਜ਼ੇ ਰੱਦ ਕੀਤੇ ਜਾਣਗੇ। ਵਿਭਾਗ ਨੇ ਇਕ ਅਹਿਮ ਨੋਟਿਸ ਵਿਚ ਕਿਹਾ ਕਿ ਸਿਰਫ਼ ਇਮੀਗ੍ਰੇਸ਼ਨ ਫ਼ਾਇਦੇ ਲੈਣ ਲਈ ਕੀਤੇ ਗਏ ਫ਼ਰਜ਼ੀ ਜਾਂ ਕੰਟਰੈਕਟ ਵਿਆਹਾਂ ਨੂੰ ਗੰਭੀਰ ਕਾਨੂੰਨੀ ਉਲੰਘਣਾ ਮੰਨਿਆ ਜਾਵੇਗਾ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੇ ਕੋਈ ਵਿਦੇਸ਼ੀ ਨਾਗਰਿਕ ਸਿਰਫ਼ ਕੈਨੇਡਾ ਦਾ ਵੀਜ਼ਾ ਜਾਂ ਪੀ.ਆਰ. ਲੈਣ ਲਈ ਕਿਸੇ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਨਾਲ ਵਿਆਹ ਕਰਦਾ ਹੈ, ਤਾਂ ਉਸ ਦਾ ਵੀਜ਼ਾ ਤੁਰੰਤ ਰੱਦ ਕੀਤਾ ਜਾ ਸਕਦਾ ਹੈ। ਅਜਿਹੀ ਧੋਖਾਧੜੀ ਸਬੰਧਤ ਵਿਅਕਤੀ ਦੇ ਇਮੀਗ੍ਰੇਸ਼ਨ ਰਿਕਾਰਡ ਵਿਚ ਦਰਜ ਕੀਤੀ ਜਾਵੇਗੀ, ਜਿਸ ਦਾ ਅਸਰ ਭਵਿੱਖ ਵਿਚ ਹੋਰ ਦੇਸ਼ਾਂ ਦੇ ਵੀਜ਼ੇ ਲੈਣ ‘ਤੇ ਪੈ ਸਕਦਾ ਹੈ।
ਕੈਨੇਡਾ ਸਰਕਾਰ ਨੇ ਅਜਿਹੇ ਲੋਕਾਂ ਨੂੰ ਵੀ ਚਿਤਾਵਨੀ ਦਿੱਤੀ ਹੈ, ਜੋ ਪੈਸੇ ਜਾਂ ਕਿਸੇ ਹੋਰ ਲਾਭ ਦੇ ਬਦਲੇ ਅਜਿਹੇ ਵਿਆਹਾਂ ਲਈ ਸਹਿਮਤ ਹੁੰਦੇ ਹਨ। ਕੈਨੇਡਾ ਦੇ ਕਾਨੂੰਨ ਅਨੁਸਾਰ ਜੇ ਸਪਾਂਸਰ ਕੀਤਾ ਗਿਆ ਸਾਥੀ ਕੈਨੇਡਾ ਪਹੁੰਚਣ ਮਗਰੋਂ ਵੱਖ ਵੀ ਹੋ ਜਾਵੇ, ਤਾਂ ਵੀ ਸਪਾਂਸਰ ਕਰਨ ਵਾਲੇ ਵਿਅਕਤੀ ਨੂੰ ਤਿੰਨ ਸਾਲ ਤੱਕ ਉਸ ਦੀ ਵਿੱਤੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਜੇ ਸਪਾਂਸਰ ਕੀਤਾ ਵਿਅਕਤੀ ਸਰਕਾਰੀ ਵੈੱਲਫੇਅਰ ਜਾਂ ਆਰਥਿਕ ਮਦਦ ਲੈਂਦਾ ਹੈ, ਤਾਂ ਸਰਕਾਰ ਉਹ ਰਕਮ ਸਪਾਂਸਰ ਤੋਂ ਵਸੂਲ ਸਕਦੀ ਹੈ। ਜਦੋਂ ਤੱਕ ਇਹ ਰਕਮ ਵਾਪਸ ਨਹੀਂ ਕੀਤੀ ਜਾਂਦੀ, ਸਪਾਂਸਰ ਕਿਸੇ ਹੋਰ ਵਿਅਕਤੀ ਨੂੰ ਕੈਨੇਡਾ ਨਹੀਂ ਬੁਲਾ ਸਕੇਗਾ। ਆਈ.ਆਰ.ਸੀ.ਸੀ. ਨੇ ਦੱਸਿਆ ਕਿ ਅਧਿਕਾਰੀਆਂ ਨੂੰ ਫ਼ਰਜ਼ੀ ਰਿਸ਼ਤਿਆਂ ਦੀ ਪਛਾਣ ਕਰਨ ਲਈ ਖ਼ਾਸ ਸਿਖਲਾਈ ਦਿੱਤੀ ਜਾਂਦੀ ਹੈ। ਵੀਜ਼ਾ ਪ੍ਰਕਿਰਿਆ ਦੌਰਾਨ ਵਿਆਹ ਨਾਲ ਜੁੜੇ ਦਸਤਾਵੇਜ਼, ਤਸਵੀਰਾਂ, ਚੈਟ ਹਿਸਟਰੀ, ਪਾਸਪੋਰਟ ਸਟੈਂਪ, ਫਲਾਈਟ ਰਿਕਾਰਡ, ਹੋਟਲ ਬੁਕਿੰਗ ਅਤੇ ਇਕੱਠੇ ਬਿਤਾਏ ਸਮੇਂ ਦੀਆਂ ਤਸਵੀਰਾਂ, ਬੈਂਕ ਖਾਤੇ, ਸਾਂਝੇ ਕਰੈਡਿਟ ਕਾਰਡ, ਸਹਿ-ਦਸਤਖ਼ਤ ਕੀਤੀ ਲੀਜ਼, ਵਿਆਹ ਦੇ ਸੱਦੇ, ਪਰਿਵਾਰ ਅਤੇ ਦੋਸਤਾਂ ਨਾਲ ਫ਼ੋਟੋਆਂ, ਉਨ੍ਹਾਂ ਲੋਕਾਂ ਦੇ ਪੱਤਰ ਜੋ ਜੋੜੇ ਨੂੰ ਜਾਣਦੇ ਹਨ ਅਤੇ ਹੋਰ ਸਬੂਤਾਂ ਦੀ ਵਿਸਥਾਰ ਵਿਚ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਦੋਵਾਂ ਧਿਰਾਂ ਦੀਆਂ ਵੱਖ-ਵੱਖ ਇੰਟਰਵਿਊ ਵੀ ਲਈਆਂ ਜਾਂਦੀਆਂ ਹਨ। ਵਿਭਾਗ ਨੇ ਸਪੱਸ਼ਟ ਕੀਤਾ ਕਿ ਪੈਸੇ ਲੈ ਕੇ ਫ਼ਰਜ਼ੀ ਵਿਆਹ ਕਰਵਾਉਣ ਜਾਂ ਮਦਦ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਖ਼ਿਲਾਫ਼ ਅਪਰਾਧਕ ਕਾਰਵਾਈ ਜਾਂ ਸਜ਼ਾ ਤੱਕ ਹੋ ਸਕਦੀ ਹੈ।