#PUNJAB

ਪੰਜਾਬ ਪੁਲਿਸ ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਦੋ ਸ਼ੱਕੀ ਕਾਬੂ ਕਰਨ ਦਾ ਦਾਅਵਾ

-ਹੈਂਡ ਗ੍ਰੇਨੇਡ ਬਰਾਮਦ
ਚੰਡੀਗੜ੍ਹ, 26 ਮਈ (ਪੰਜਾਬ ਮੇਲ)- ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨਾਲ ਜੁੜੇ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿਚ ਸਨ ਅਤੇ ਪੰਜਾਬ ਵਿਚ ਅਮਨ ਕਾਨੂੰਨ ਖਰਾਬ ਕਰਨ ਲਈ ਇੱਕ ਵੱਡੀ ਸਾਜ਼ਿਸ਼ ‘ਤੇ ਕੰਮ ਕਰ ਰਹੇ ਸਨ।
ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ। ਗ੍ਰਿਫ਼ਤਾਰ ਸ਼ੱਕੀਆਂ ਕੋਲੋਂ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਹਨ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਗ੍ਰੇਨੇਡ ਸਰਕਾਰੀ ਇਮਾਰਤਾਂ ਅਤੇ ਮਹੱਤਵਪੂਰਨ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਲਈ ਵਰਤੇ ਜਾਣੇ ਸਨ, ਤਾਂ ਜੋ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਸਕੇ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮ ਵਿਦੇਸ਼ ਵਿਚ ਬੈਠੇ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦੇ ਹੋਰ ਨੈੱਟਵਰਕ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਮੋਡੀਊਲ ਦੇ ਤਾਰ ਸਰਹੱਦ ਪਾਰ ਬੈਠੇ ਅੱਤਵਾਦੀ ਗਿਰੋਹਾਂ ਨਾਲ ਜੁੜੇ ਹੋ ਸਕਦੇ ਹਨ।
ਇਸ ਮਾਮਲੇ ਵਿਚ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ‘ਚ ਐਕਸਪਲੋਜ਼ਿਵ ਸਬਸਟਾਂਸਿਸ ਐਕਟ ਅਤੇ ਹੋਰ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਮੋਡੀਊਲ ਨੂੰ ਹਥਿਆਰ ਅਤੇ ਵਿਸਫੋਟਕ ਕਿੱਥੋਂ ਅਤੇ ਕਿਵੇਂ ਮਿਲੇ।
ਪਿਛਲੇ ਕੁਝ ਹਫ਼ਤਿਆਂ ਦੌਰਾਨ ਪੰਜਾਬ ਵਿਚ ਗ੍ਰੇਨੇਡ, ਹਥਿਆਰ ਅਤੇ ਨਸ਼ਿਆਂ ਨਾਲ ਜੁੜੀਆਂ ਕਈ ਵੱਡੀਆਂ ਕਾਰਵਾਈਆਂ ਸਾਹਮਣੇ ਆਈਆਂ ਹਨ। ਪੁਲਿਸ ਪਹਿਲਾਂ ਵੀ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਕਈ ਮੋਡੀਊਲਾਂ ਨੂੰ ਬੇਨਕਾਬ ਕਰਨ ਦਾ ਦਾਅਵਾ ਕਰ ਚੁੱਕੀ ਹੈ। ਹਾਲ ਹੀ ਵਿਚ ਗੁਰਦਾਸਪੁਰ ਵਿਚ ਵੀ ਇੱਕ ਵਿਦੇਸ਼ੀ ਨਿਰਦੇਸ਼ਿਤ ਗ੍ਰੇਨੇਡ ਸਾਜ਼ਿਸ਼ ਨਾਕਾਮ ਕਰਨ ਦਾ ਦਾਅਵਾ ਕੀਤਾ ਗਿਆ ਸੀ, ਜਿੱਥੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਦੋ ਗ੍ਰੇਨੇਡ ਬਰਾਮਦ ਕੀਤੇ ਗਏ ਸਨ।