#AMERICA

ਇਰਾਨ ‘ਚ ਅਮਰੀਕੀ ਫੌਜ ਵੱਲੋਂ ”ਸੈਲਫ-ਡਿਫੈਂਸ” ਹਮਲੇ

-ਮਿਡਲ ਈਸਟ ‘ਚ ਤਣਾਅ ਹੋਰ ਵਧਿਆ
ਵਾਸ਼ਿੰਗਟਨ, 26 ਮਈ (ਪੰਜਾਬ ਮੇਲ)- ਅਮਰੀਕੀ ਫੌਜ ਨੇ ਇਰਾਨ ਦੇ ਦੱਖਣੀ ਹਿੱਸਿਆਂ ਵਿਚ ਕਈ ”ਸੈਲਫ-ਡਿਫੈਂਸ ਹਮਲੇ” ਕਰਨ ਦੀ ਪੁਸ਼ਟੀ ਕੀਤੀ ਹੈ। ਯੂ.ਐੱਸ. ਸੈਂਟਰਲ ਕਮਾਂਡ (CENTCOM) ਮੁਤਾਬਕ ਇਹ ਕਾਰਵਾਈ ਉਸ ਵੇਲੇ ਕੀਤੀ ਗਈ, ਜਦੋਂ ਇਰਾਨੀ ਫੌਜੀ ਠਿਕਾਣਿਆਂ ਅਤੇ ਬੋਟਾਂ ਵੱਲੋਂ ਅਮਰੀਕੀ ਫੌਜਾਂ ਅਤੇ ਜੰਗੀ ਜਹਾਜ਼ਾਂ ਲਈ ਖਤਰਾ ਬਣਿਆ ਹੋਇਆ ਸੀ।
CENTCOM ਦੇ ਬੁਲਾਰੇ ਕੈਪਟਨ ਟਿਮ ਹਾਕਿਨਸ ਨੇ ਕਿਹਾ ਕਿ ਅਮਰੀਕੀ ਫੌਜ ਨੇ ਆਪਣੇ ਸੈਨਿਕਾਂ ਦੀ ਸੁਰੱਖਿਆ ਲਈ ਇਹ ਹਮਲੇ ਕੀਤੇ। ਜਾਣਕਾਰੀ ਅਨੁਸਾਰ ਇਨ੍ਹਾਂ ਹਮਲਿਆਂ ਵਿਚ ਮਿਸਾਈਲ ਲਾਂਚ ਸਾਈਟਾਂ ਅਤੇ ਉਹ ਇਰਾਨੀ ਬੋਟਾਂ ਨਿਸ਼ਾਨੇ ‘ਤੇ ਲਈਆਂ ਗਈਆਂ, ਜੋ ਸਟਰੇਟ ਆਫ ਹੋਮਰੁਜ਼ ਵਿਚ ਮਾਈਨ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ ਅਮਰੀਕੀ ਨੇਵੀ ਦੇ ਡਿਸਟਰੌਇਰ ਜਹਾਜ਼ਾਂ ‘ਤੇ ਡਰੋਨ, ਮਿਸਾਈਲਾਂ ਅਤੇ ਛੋਟੀਆਂ ਹਮਲਾਵਰ ਬੋਟਾਂ ਰਾਹੀਂ ਹਮਲੇ ਹੋਏ ਸਨ। ਅਮਰੀਕੀ ਫੌਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਜਹਾਜ਼ ਸੁਰੱਖਿਅਤ ਰਹੇ, ਪਰ ਉਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਗਈ।
ਇਸ ਸਾਰੇ ਘਟਨਾਕ੍ਰਮ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸੀਜ਼ਫਾਇਰ ਹਾਲੇ ਵੀ ਲਾਗੂ ਹੈ ਅਤੇ ਅਮਰੀਕਾ ਤੇ ਇਰਾਨ ਵਿਚਾਲੇ ਚੱਲ ਰਹੀਆਂ ਗੱਲਬਾਤਾਂ ਜਾਰੀ ਹਨ। ਟਰੰਪ ਨੇ ਇਨ੍ਹਾਂ ਹਮਲਿਆਂ ਨੂੰ ”ਲਵ ਟੈਪ” ਕਹਿੰਦੇ ਹੋਏ ਕਿਹਾ ਕਿ ਇਹ ਵੱਡੇ ਯੁੱਧ ਵੱਲ ਜਾਣ ਦੀ ਬਜਾਏ ਸੁਰੱਖਿਆਕਾਰੀ ਕਦਮ ਸਨ।
ਦੂਜੇ ਪਾਸੇ ਇਰਾਨ ਨੇ ਸੰਕੇਤ ਦਿੱਤੇ ਹਨ ਕਿ ਹਾਲਾਤ ਹਾਲੇ ਵੀ ਨਾਜ਼ੁਕ ਹਨ ਅਤੇ ਕਿਸੇ ਵੀ ਵੇਲੇ ਤਣਾਅ ਹੋਰ ਵੱਧ ਸਕਦਾ ਹੈ। ਸਟਰੇਟ ਆਫ ਹੋਮਰੁਜ਼ ਨੂੰ ਲੈ ਕੇ ਚਿੰਤਾ ਇਸ ਕਰਕੇ ਵੀ ਵਧ ਰਹੀ ਹੈ ਕਿਉਂਕਿ ਦੁਨੀਆਂ ਦੇ ਵੱਡੇ ਪੱਧਰ ਦਾ ਤੇਲ ਵਪਾਰ ਇਸ ਸਮੁੰਦਰੀ ਰਸਤੇ ਰਾਹੀਂ ਹੁੰਦਾ ਹੈ। ਜੇ ਇੱਥੇ ਟਕਰਾਅ ਵਧਦਾ ਹੈ, ਤਾਂ ਗਲੋਬਲ ਤੇਲ ਕੀਮਤਾਂ ਅਤੇ ਅੰਤਰਰਾਸ਼ਟਰੀ ਮਾਰਕੀਟਾਂ ‘ਤੇ ਵੀ ਵੱਡਾ ਅਸਰ ਪੈ ਸਕਦਾ ਹੈ।
ਮਿਡਲ ਈਸਟ ‘ਚ ਚੱਲ ਰਹੇ ਇਸ ਤਣਾਅ ਕਾਰਨ ਦੁਨੀਆਂ ਭਰ ਦੀ ਨਜ਼ਰ ਹੁਣ ਅਮਰੀਕਾ, ਇਰਾਨ ਅਤੇ ਇਜ਼ਰਾਈਲ ਨਾਲ ਜੁੜੀਆਂ ਆਉਣ ਵਾਲੀਆਂ ਰਾਜਨੀਤਿਕ ਅਤੇ ਫੌਜੀ ਚਾਲਾਂ ‘ਤੇ ਟਿਕ ਗਈ ਹੈ।