#INDIA

ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਹੋਣਗੇ ਸੁਵੇਂਦੂ ਅਧਿਕਾਰੀ

-9 ਮਈ ਨੂੰ ਸਹੁੰ ਚੁੱਕਣਗੇ
ਕੋਲਕਾਤਾ, 8 ਮਈ (ਪੰਜਾਬ ਮੇਲ)- ਸੁਵੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਕੋਲਕਾਤਾ ਦੇ ਕਨਵੈਨਸ਼ਨ ਸੈਂਟਰ ਵਿਚ ਵਿਧਾਇਕ ਦਲ ਦੀ ਬੈਠਕ ਵਿਚ ਉਨ੍ਹਾਂ ਨੂੰ ਨੇਤਾ ਚੁਣਿਆ ਗਿਆ ਹੈ। ਬੈਠਕ ਦੀ ਸਮਾਪਤੀ ਤੋਂ ਬਾਅਦ ਅਮਿਤ ਸ਼ਾਹ ਨੇ ਖੁਦ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ ਅਤੇ ਮੰਚ ਉੱਤੇ ਸੁਵੇਂਦੂ ਅਧਿਕਾਰੀ ਨੂੰ ਮਾਲਾ ਪਹਿਨਾ ਕੇ ਅਤੇ ਗਲੇ ਲਗਾ ਕੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।
ਸੁਵੇਂਦੂ ਅਧਿਕਾਰੀ ਭਲਕੇ ਸਵੇਰੇ 10 ਵਜੇ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਸਮੇਤ ਐੱਨ.ਡੀ.ਏ. ਦੇ ਕਈ ਵੱਡੇ ਆਗੂ ਸ਼ਾਮਲ ਹੋਣਗੇ। 56 ਸਾਲ ਦੇ ਸੁਵੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਭਵਾਨੀਪੁਰ ਸੀਟ ਤੋਂ ਹਰਾਇਆ ਹੈ ਅਤੇ ਉਹ ਨੰਦੀਗ੍ਰਾਮ ਤੋਂ ਵੀ ਲਗਾਤਾਰ ਦੂਜੀ ਵਾਰ ਚੋਣ ਜਿੱਤਣ ਵਿਚ ਕਾਮਯਾਬ ਰਹੇ ਹਨ।
ਦੱਸ ਦਈਏ ਕਿ ਸਾਲ 2021 ਵਿਚ ਵੀ ਉਨ੍ਹਾਂ ਨੇ ਮਮਤਾ ਬੈਨਰਜੀ ਨੂੰ ਹਰਾਇਆ ਸੀ ਅਤੇ ਇਸ ਵਾਰ ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿਚ 207 ਸੀਟਾਂ ‘ਤੇ ਵੱਡੀ ਜਿੱਤ ਦਰਜ ਕੀਤੀ ਹੈ।
ਪਾਰਟੀ ਦੇ ਸੂਤਰਾਂ ਅਨੁਸਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬੰਗਾਲ ਵਿਚ ਵਧੀ ਸਿਆਸੀ ਸਰਗਰਮੀ ਦੌਰਾਨ ਭਾਜਪਾ ਵਿਧਾਇਕਾਂ ਦੀ ਮੀਟਿੰਗ ਵਿਚ ਇਹ ਅਹਿਮ ਫੈਸਲਾ ਲਿਆ ਗਿਆ। ਸੁਵੇਂਦੂ ਅਧਿਕਾਰੀ, ਜਿਨ੍ਹਾਂ ਨੇ ਸੂਬੇ ਵਿਚ ਭਾਜਪਾ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ, ਨੂੰ ਸਾਰੇ ਵਿਧਾਇਕਾਂ ਦਾ ਪੂਰਾ ਸਮਰਥਨ ਮਿਲਿਆ। ਭਾਜਪਾ ਲੀਡਰਸ਼ਿਪ ਜਲਦੀ ਹੀ ਰਾਜਪਾਲ ਨੂੰ ਇਸ ਫੈਸਲੇ ਬਾਰੇ ਰਸਮੀ ਤੌਰ ‘ਤੇ ਸੂਚਿਤ ਕਰੇਗੀ, ਤਾਂ ਜੋ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ। ਸੁਵੇਂਦੂ ਅਧਿਕਾਰੀ ਸਾਲ 2021 ਦੀਆਂ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ ਅਤੇ ਉਹ ਬੰਗਾਲ ਦੀ ਰਾਜਨੀਤੀ ਵਿਚ ਪਾਰਟੀ ਦਾ ਸਭ ਤੋਂ ਪ੍ਰਮੁੱਖ ਚਿਹਰਾ ਰਹੇ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣਾ ਪਾਰਟੀ ਦਾ ਇੱਕ ਰਣਨੀਤਕ ਕਦਮ ਮੰਨਿਆ ਜਾ ਰਿਹਾ ਹੈ, ਤਾਂ ਜੋ ਸੂਬੇ ਵਿਚ ਜਥੇਬੰਦਕ ਅਤੇ ਵਿਧਾਨਿਕ ਲੀਡਰਸ਼ਿਪ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।