#PUNJAB

ਮਨੀਲਾ ‘ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਮਨੀਲਾ/ਮੱਲਾਂਵਾਲਾ, 8 ਮਈ (ਪੰਜਾਬ ਮੇਲ)- ਮਨੀਲਾ ‘ਚ ਰੁਜ਼ਗਾਰ ਲਈ ਗਏ ਪੰਜਾਬੀ ਨੌਜਵਾਨ ਦੀ ਅੱਜ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਰਣਜੀਤ ਸਿੰਘ (39) ਵਾਸੀ ਪਿੰਡ ਦੌਲਤਪੁਰਾ ਵਜੋਂ ਹੋਈ ਹੈ, ਜੋ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਮਨੀਲਾ ਦੇ ਸ਼ਹਿਰ ਕੱਲਕਾਨ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਉੱਪਰ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਬਾਜ਼ਾਰ ਵਿਚ ਆਪਣੇ ਕੰਮ ਲਈ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਹਮਲਾਵਰਾਂ ਨੇ ਰਣਜੀਤ ਸਿੰਘ ਦੀ ਸਿਰ ਦੇ ਪਿਛਲੇ ਪਾਸੇ ਗੋਲੀਆਂ ਮਾਰੀਆਂ ਅਤੇ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ।
ਸਥਾਨਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਰਣਜੀਤ ਸਿੰਘ ਆਪਣੇ ਪਿੱਛੇ ਅੱਠ ਸਾਲ ਦੀ ਬੇਟੀ, ਪੰਜ ਸਾਲ ਦਾ ਬੇਟਾ ਅਤੇ ਪਤਨੀ ਛੱਡ ਗਿਆ ਹੈ। ਇਸ ਘਟਨਾ ਨਾਲ ਪਰਿਵਾਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।