ਫਰਿਜ਼ਨੋ, 4 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਪੰਜਾਬੀ ਮਕੈਨਿਕ ਦੀ ਟਰੱਕ-ਟ੍ਰੇਲਰ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ ਲਗਭਗ 20–21 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਪੰਜਾਬ ਦੇ ਪਟਿਆਲਾ ਇਲਾਕੇ ਨਾਲ ਸੰਬੰਧਤ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਫਰਿਜ਼ਨੋ ਦੀ ਇੱਕ ਟਰੱਕ-ਟ੍ਰੇਲਰ ਮੁਰੰਮਤ ਸ਼ਾਪ ਵਿਚ ਵਾਪਰਿਆ, ਜਿੱਥੇ ਗੁਰਪ੍ਰੀਤ ਸਿੰਘ ਮਕੈਨਿਕ ਵਜੋਂ ਕੰਮ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਟ੍ਰੇਲਰ ਮੁਰੰਮਤ ਲਈ ਖੜ੍ਹਾ ਕੀਤਾ ਹੋਇਆ ਸੀ ਅਤੇ ਚੋਰੀ ਤੋਂ ਬਚਾਅ ਲਈ ਉਸ ਦੇ ਕਿੰਗਪਿੰਨ ਨੂੰ ਲਾਕ ਲਾਇਆ ਗਿਆ ਸੀ।
ਬਦਕਿਸਮਤੀ ਨਾਲ ਗੁਰਪ੍ਰੀਤ ਸਿੰਘ ਨੂੰ ਇਹ ਗੱਲ ਪਤਾ ਨਾ ਲੱਗੀ ਕਿ ਟ੍ਰੇਲਰ ਦਾ ਲੈਂਡਿੰਗ ਗੀਅਰ ਉੱਪਰ ਕੀਤਾ ਹੋਇਆ ਹੈ। ਉਸਨੇ ਡਰਾਈਵਰ ਨੂੰ ਟਰੱਕ ਅੱਗੇ ਕਰਨ ਲਈ ਕਿਹਾ। ਜਿਵੇਂ ਹੀ ਟ੍ਰੇਲਰ ਟਰੱਕ ਦੀ ਚੈਸੀ ‘ਤੇ ਡਿੱਗਿਆ, ਗੁਰਪ੍ਰੀਤ ਸਿੰਘ ਟਰੱਕ ਅਤੇ ਟ੍ਰੇਲਰ ਵਿਚਕਾਰ ਆ ਜਾਣ ਕਰਕੇ ਮੌਕੇ ‘ਤੇ ਹੀ ਦਮ ਤੋੜ ਗਿਆ।
ਇਸ ਹਾਦਸੇ ਨਾਲ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਵਿਚ ਗਹਿਰਾ ਦੁੱਖ ਅਤੇ ਸੋਗ ਪੈਦਾ ਹੋ ਗਿਆ ਹੈ। ਨੌਜਵਾਨ ਦੀ ਅਚਾਨਕ ਮੌਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

