ਸ੍ਰੀ ਮੁਕਤਸਰ ਸਾਹਿਬ, 27 ਅਪ੍ਰੈਲ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਸਕੂਲਾਂ ਵਿਚ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ, ਸਾਫ਼ ਪਾਣੀ ਦੇਣ ਲਈ ਵੱਡੀ ਗਿਣਤੀ ਵਿਚ ਆਰ.ਓ. ਸਿਸਟਮ ਲਗਾਏ ਜਾ ਰਹੇ ਹਨ, ਤਾਂ ਜੋ ਬੱਚੇ ਤੰਦਰੁਸਤ ਰਹਿਣ ਅਤੇ ਪੜ੍ਹਾਈ ਜਾਰੀ ਰੱਖਣ। ਇਸ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ, ਸਰਕਾਰੀ ਪ੍ਰਾਇਮਰੀ ਸਕੂਲ ਝਬੇਲ ਵਾਲੀ, ਸਰਕਾਰੀ ਪ੍ਰਾਇਮਰੀ ਸਕੂਲ ਰਾਮਦੇਵ ਨਗਰ ਮਲੋਟ, ਸਰਵਹਿੱਤਕਾਰੀ ਸਕੂਲ ਮਲੋਟ ਵਿਖੇ ਬੱਚਿਆਂ ਨੂੰ ਸਾਫ਼ ਪਾਣੀ ਦੇਣ ਲਈ ਆਰ.ਓ. ਸਿਸਟਮ ਲਗਾਏ ਗਏ ਹਨ।
ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਾਲਵਾ ਖੇਤਰ ਦਾ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ। ਲੋਕ ਵੱਖ-ਵੱਖ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਸਕੂਲੀ ਬੱਚਿਆਂ ਦੀ ਸਿਹਤ ‘ਤੇ ਵੀ ਬਹੁਤ ਬੁਰਾ ਪ੍ਰਭਾਵ ਪਾ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਡਾ. ਓਬਰਾਏ ਅਕਸਰ ਹੀ ਕਿਹਾ ਕਰਦੇ ਹਨ ਕਿ ਸਿਹਤ ਅਤੇ ਸਿੱਖਿਆ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਸ ਕਰਕੇ ਅਸੀਂ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਆਰ.ਓ. ਸਿਸਟਮ ਲਗਾ ਰਹੇ ਹਾਂ, ਤਾਂ ਜੋ ਬੱਚੇ ਸਿਹਤਮੰਦ ਰਹਿਣ ਅਤੇ ਆਪਣੀ ਪੜ੍ਹਾਈ ਕਰਕੇ ਅਪਣੀ ਮੰਜ਼ਿਲ ‘ਤੇ ਪਹੁੰਚਣ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਹੁਣ ਤੱਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਕੂਲਾਂ ਵਿਚ ਅਤੇ ਹੋਰ ਜਨਤਕ ਥਾਵਾਂ ‘ਤੇ 155 ਦੇ ਕਰੀਬ ਆਰ.ਓ. ਸਿਸਟਮ ਲਗਾਏ ਜਾ ਚੁੱਕੇ ਹਨ। ਇਸ ਮੌਕੇ ਬਲਵਿੰਦਰ ਸਿੰਘ ਬਰਾੜ ਰਿਟਾ. ਪ੍ਰਿੰਸੀਪਲ, ਗੁਰਪਾਲ ਸਿੰਘ ਪਾਲੀ, ਬਰਨੇਕ ਸਿੰਘ ਰਿਟਾ. ਲੈਕਚਰਾਰ, ਮਲਕੀਤ ਸਿੰਘ ਰਿਟਾ. ਬੈਂਕ ਮੈਨੇਜਰ ਮੀਤ ਪ੍ਰਧਾਨ, ਚਰਨਜੀਤ ਸਿੰਘ, ਸੁਖਬੀਰ ਸਿੰਘ ਜੈਲਦਾਰ, ਹਰਭਗਵਾਨ ਸਿੰਘ ਖੱਪਿਆਂਵਾਲ਼ੀ, ਕਾਲਾ ਖੱਪਿਆਂਵਾਲ਼ੀ, ਸੁਖਦਰਸ਼ਨ ਸਿੰਘ ਬੇਦੀ ਰਿਟਾ. ਜ਼ਿਲ੍ਹਾ ਉੱਪ ਸਿੱਖਿਆ ਅਫ਼ਸਰ, ਜਸਬੀਰ ਸਿੰਘ ਰਿਟਾ. ਏ.ਐੱਸ.ਆਈ., ਮਾਸਟਰ ਰਾਜਿੰਦਰ ਸਿੰਘ, ਸੋਮ ਨਾਥ, ਮਾਸਟਰ ਰਾਜਿੰਦਰ ਸਿੰਘ, ਬਲਜੀਤ ਸਿੰਘ ਮਾਨ ਰਿਟਾ. ਪ੍ਰਿੰਸੀਪਲ, ਗੁਰਜੀਤ ਸਿੰਘ ਜੀਤਾ ਆਦਿ ਹਾਜ਼ਰ ਸਨ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਸਕੂਲਾਂ ‘ਚ ਸਾਫ਼ ਪਾਣੀ ਪੀਣ ਲਈ ਲਗਾਏ ਮੁਫ਼ਤ ਆਰ.ਓ. ਸਿਸਟਮ

