ਦੋਵੇਂ ਜਹਾਜ਼ ਨੁਕਸਾਨਗ੍ਰਸਤ
ਨਵੀਂ ਦਿੱਲੀ, 16 ਅਪ੍ਰੈਲ (ਪੰਜਾਬ ਮੇਲ)- ਦਿੱਲੀ ਹਵਾਈ ਅੱਡੇ ‘ਤੇ ਅੱਜ ਦੁਪਹਿਰ ਵੇਲੇ ਸਪਾਈਸਜੈੱਟ ਦਾ ਜਹਾਜ਼ ਪਾਰਕਿੰਗ ਏਰੀਏ ਵਿਚ ਖੜ੍ਹੇ ਅਕਾਸਾ ਏਅਰਲਾਈਨ ਦੇ ਜਹਾਜ਼ ਨਾਲ ਟਕਰਾ ਗਿਆ। ਇਸ ਕਾਰਨ ਦੋਵਾਂ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਸਾਰੇ ਯਾਤਰੀ ਅਤੇ ਕਰਿਊ ਮੈਂਬਰ ਸੁਰੱਖਿਅਤ ਹਨ। ਸਪਾਈਸਜੈੱਟ ਦੇ ਬੁਲਾਰੇ ਅਨੁਸਾਰ ਇਸ ਘਟਨਾ ਵਿਚ ਉਨ੍ਹਾਂ ਦੇ ਜਹਾਜ਼ ਦੇ ਸੱਜੇ ਖੰਭ (ਰਾਈਟ ਵਿੰਗ) ਨੂੰ ਨੁਕਸਾਨ ਪਹੁੰਚਿਆ ਹੈ ਅਤੇ ਅਕਾਸਾ ਦੇ ਜਹਾਜ਼ ਦੇ ਪੱਖੇ ਨੂੰ ਵੀ ਸੱਟ ਵੱਜੀ ਹੈ।
ਘਟਨਾ ਤੋਂ ਬਾਅਦ ਸਪਾਈਸਜੈੱਟ ਦੇ ਇਸ ਜਹਾਜ਼ ਨੂੰ ਦਿੱਲੀ ਵਿਚ ਹੀ ਗਰਾਊਂਡ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਦੀ ਵਰਤੋਂ ਉਡਾਣ ਲਈ ਨਹੀਂ ਕੀਤੀ ਜਾਵੇਗੀ। ਫਲਾਈਟ ਰਡਾਰ-24 ਅਨੁਸਾਰ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਲੇਹ ਤੋਂ ਆਇਆ ਸਪਾਈਸਜੈੱਟ ਦਾ ਜਹਾਜ਼ ਗੇਟ ਵੱਲ ਵਧ ਰਿਹਾ ਸੀ ਅਤੇ ਅਕਾਸਾ ਏਅਰ ਦਾ ਜਹਾਜ਼ ਹੈਦਰਾਬਾਦ ਜਾਣ ਲਈ ਪੁਸ਼ਬੈਕ ਕਰ ਰਿਹਾ ਸੀ।
ਅਕਾਸਾ ਏਅਰ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਜਹਾਜ਼ ਖੜ੍ਹਾ ਸੀ, ਜਦੋਂ ਦੂਜੀ ਏਅਰਲਾਈਨ ਦਾ ਜਹਾਜ਼ ਉਸ ਨਾਲ ਟਕਰਾ ਗਿਆ। ਇਸ ਹਾਦਸੇ ਕਾਰਨ ਦਿੱਲੀ ਤੋਂ ਹੈਦਰਾਬਾਦ ਜਾ ਰਹੀ ਫਲਾਈਟ ਕਿਊ.ਪੀ. 1406 ਨੂੰ ਵਾਪਸ ਪਾਰਕਿੰਗ ਬੇਅ ਵਿਚ ਮੁੜਨਾ ਪਿਆ। ਸਾਰੇ ਯਾਤਰੀਆਂ ਅਤੇ ਕਰਿਊ ਮੈਂਬਰਾਂ ਨੂੰ ਜਹਾਜ਼ ਵਿਚੋਂ ਸੁਰੱਖਿਅਤ ਉਤਾਰ ਲਿਆ ਗਿਆ ਹੈ। ਅਕਾਸਾ ਦੀ ਗਰਾਊਂਡ ਟੀਮ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਹੈਦਰਾਬਾਦ ਭੇਜਣ ਲਈ ਬਦਲਵੇਂ ਇੰਤਜ਼ਾਮ ਕਰ ਰਹੀ ਹੈ।
ਦਿੱਲੀ ਹਵਾਈ ਅੱਡੇ ‘ਤੇ ਪਾਰਕਿੰਗ ਏਰੀਏ ‘ਚ ਟਕਰਾਏ ਦੋ ਜਹਾਜ਼

