-6 ਹਫ਼ਤਿਆਂ ਦੀ ਜੰਗ ਨੂੰ ਖਤਮ ਕਰਨ ਦੀ ਕੋਸ਼ਿਸ਼
ਇਸਲਾਮਾਬਾਦ, 11 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਅਤੇ ਇਰਾਨ ਦੇ ਵੱਡੇ ਅਧਿਕਾਰੀ ਸ਼ਨਿੱਚਰਵਾਰ ਨੂੰ ਇਸਲਾਮਾਬਾਦ ਵਿਚ ਗੱਲਬਾਤ ਦੇ ਮੇਜ਼ ‘ਤੇ ਪਹੁੰਚ ਗਏ ਹਨ। ਪਿਛਲੇ 50 ਸਾਲਾਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਹ ਸਭ ਤੋਂ ਵੱਡੀ ਗੱਲਬਾਤ ਹੈ, ਜਿਸ ਦਾ ਮਕਸਦ ਪਿਛਲੇ 6 ਹਫ਼ਤਿਆਂ ਤੋਂ ਜਾਰੀ ਜੰਗ ਨੂੰ ਰੋਕਣਾ ਅਤੇ ਸ਼ਾਂਤੀ ਕਾਇਮ ਕਰਨਾ ਹੈ।
ਇਸ ਤੋਂ ਪਹਿਲਾਂ ਅਮਰੀਕੀ ਸਰਕਾਰ ਦਾ ਇੱਕ ਵਿਸ਼ੇਸ਼ ਜਹਾਜ਼ ਅੱਜ ਉੱਚ ਪੱਧਰੀ ਅਧਿਕਾਰੀਆਂ ਨੂੰ ਲੈ ਕੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਹੁੰਚਿਆ। ਪਾਕਿਸਤਾਨੀ ਸੂਤਰਾਂ ਅਨੁਸਾਰ, ਇਹ ਵਫ਼ਦ ਇਰਾਨ ਨਾਲ ਹੋਣ ਵਾਲੀ ਅਹਿਮ ਸ਼ਾਂਤੀ ਵਾਰਤਾ ਵਿਚ ਸ਼ਾਮਲ ਰਹੇਗਾ। ਜ਼ਿਕਰਯੋਗ ਹੈ ਕਿ ਪਿਛਲੇ 6 ਹਫ਼ਤਿਆਂ ਤੋਂ ਜਾਰੀ ਇਰਾਨ ਦੀ ਜੰਗ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਇਹ ਗੱਲਬਾਤ ਹੋਣ ਜਾ ਰਹੀ ਹੈ। ਇਸ ਭਿਆਨਕ ਜੰਗ ਕਾਰਨ ਮੱਧ ਪੂਰਬ ਵਿਚ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜੰਗ ਦੇ ਪ੍ਰਭਾਵ ਕਾਰਨ ਵਿਸ਼ਵ ਪੱਧਰ ‘ਤੇ ਊਰਜਾ ਸਪਲਾਈ ਵਿਚ ਵਿਘਨ ਪਿਆ ਹੈ ਅਤੇ ਮਹਿੰਗਾਈ ਵਧਣ ਕਾਰਨ ਦੁਨੀਆਂ ਦੀ ਆਰਥਿਕਤਾ ਦੀ ਰਫ਼ਤਾਰ ਵੀ ਮੱਠੀ ਪਈ ਹੈ। ਇਸ ਵਾਰਤਾ ਨੂੰ ਵਿਸ਼ਵ ਭਰ ਵਿਚ ਸ਼ਾਂਤੀ ਬਹਾਲੀ ਲਈ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ
ਦੱਸ ਦਈਏ ਕਿ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੀ ਅਗਵਾਈ ਵਿਚ ਅਮਰੀਕੀ ਵਫ਼ਦ, ਜਿਸ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਤੇ ਜਵਾਈ ਜੇਰੇਡ ਕੁਸ਼ਨਰ ਸ਼ਾਮਲ ਹਨ, ਕਾਲੀਬਾਫ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਵਾਸ਼ਿੰਗਟਨ ਪਹਿਲਾਂ ਇਰਾਨੀ ਸੰਪਤੀਆਂ ਨੂੰ ਬਹਾਲ ਕਰਨ ਅਤੇ ਲੈਬਨਾਨ ਵਿਚ ਜੰਗਬੰਦੀ ਲਈ ਸਹਿਮਤ ਹੋਇਆ ਸੀ, ਜਿੱਥੇ ਮਾਰਚ ਤੋਂ ਚੱਲ ਰਹੀ ਲੜਾਈ ਵਿਚ ਲਗਪਗ 2,000 ਲੋਕ ਮਾਰੇ ਗਏ ਹਨ ਅਤੇ ਜਦੋਂ ਤੱਕ ਇਹ ਵਾਅਦੇ ਪੂਰੇ ਨਹੀਂ ਹੁੰਦੇ, ਗੱਲਬਾਤ ਸ਼ੁਰੂ ਨਹੀਂ ਹੋਵੇਗੀ।
ਦੂਜੇ ਪਾਸੇ, ਟਰੰਪ ਨੇ ਸੋਸ਼ਲ ਮੀਡੀਆ ‘ਤੇ ਸਖ਼ਤ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਇਰਾਨੀਆਂ ਕੋਲ ਕੋਈ ਮਜ਼ਬੂਤ ਪੱਖ ਨਹੀਂ ਹੈ ਅਤੇ ਉਹ ਸਿਰਫ ਅੰਤਰਰਾਸ਼ਟਰੀ ਜਲ ਮਾਰਗਾਂ ਦੀ ਵਰਤੋਂ ਕਰਕੇ ਦੁਨੀਆਂ ਨੂੰ ਪਰੇਸ਼ਾਨ ਕਰ ਰਹੇ ਹਨ। ਇਸਲਾਮਾਬਾਦ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਨੂੰ ”ਕਰੋ ਜਾਂ ਮਰੋ” ਵਾਲੀ ਸਥਿਤੀ ਦੱਸਿਆ ਹੈ। ਹਾਲਾਂਕਿ ਟਰੰਪ ਨੇ ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ ਕੀਤਾ ਸੀ, ਪਰ ਹੋਰਮੁਜ਼ ਜਲਮਾਰਗ ਦੀ ਨਾਕਾਬੰਦੀ ਅਤੇ ਲਿਬਨਾਨ ਵਿਚ ਇਜ਼ਰਾਈਲ-ਹਿਜ਼ਬੁੱਲਾ ਦੀ ਲੜਾਈ ਅਜੇ ਵੀ ਜਾਰੀ ਹੈ, ਜਿਸ ਕਾਰਨ ਵਿਸ਼ਵ ਊਰਜਾ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਰਾਨ ਦੇ ਨਵੇਂ ਸੁਪਰੀਮ ਲੀਡਰ ਆਇਤੁੱਲਾ ਮੁਜਤਬਾ ਖਮੇਨੇਈ ਨੇ ਵੀ ਜੰਗ ਦੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ, ਜਦਕਿ ਟਰੰਪ ਦੇ ਕਈ ਮੁੱਖ ਉਦੇਸ਼ ਜਿਵੇਂ ਕਿ ਇਰਾਨ ਦੀ ਪਰਮਾਣੂ ਸਮਰੱਥਾ ਨੂੰ ਖ਼ਤਮ ਕਰਨਾ, ਅਜੇ ਵੀ ਪੂਰੇ ਨਹੀਂ ਹੋਏ ਜਾਪਦੇ।
ਅਮਰੀਕਾ ਅਤੇ ਇਰਾਨ ਵਿਚਾਲੇ ਇਸਲਾਮਾਬਾਦ ‘ਚ ਸਿੱਧੀ ਗੱਲਬਾਤ ਸ਼ੁਰੂ

