#OTHERS

ਭਾਰਤ ਦਾ ਮੋਸਟ ਵਾਂਟੇਡ ਡਰੱਗ ਮਾਫੀਆ ਜਸਵਿੰਦਰ ਉਰਫ ‘ਜੈਜ਼’ ਦੁਬਈ ‘ਚ ਗ੍ਰਿਫਤਾਰ

ਆਬੂ ਧਾਬੀ, 25 ਮਾਰਚ (ਪੰਜਾਬ ਮੇਲ)- ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਭਾਰਤ ਦੇ ਸਭ ਤੋਂ ਵੱਡੇ ਡਰੱਗ ਸਿੰਡੀਕੇਟ ਦੇ ਮਾਸਟਰਮਾਈਂਡ ਜਸਵਿੰਦਰ ਉਰਫ਼ ‘ਜੈਜ਼’ ਨੂੰ ਦੁਬਈ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਰਤੀ ਏਜੰਸੀਆਂ ਵੱਲੋਂ ਦਿੱਤੇ ਗਏ ਇਨਪੁਟਸ ਦੇ ਆਧਾਰ ‘ਤੇ ਇੰਟਰਪੋਲ ਨੇ ਕਾਰਵਾਈ ਕਰਦੇ ਹੋਏ ਇਸ ਮੋਸਟ ਵਾਂਟੇਡ ਅਪਰਾਧੀ ਨੂੰ ਦਬੋਚ ਲਿਆ ਹੈ।
ਜਸਵਿੰਦਰ ਮੂਲ ਰੂਪ ‘ਚ ਪੰਜਾਬ ਦਾ ਰਹਿਣ ਵਾਲਾ ਹੈ, ਪਰ ਉਸ ਕੋਲ ਬ੍ਰਿਟਿਸ਼ ਨਾਗਰਿਕਤਾ ਹੈ। ਉਹ ਲੰਬੇ ਸਮੇਂ ਤੋਂ ਭਾਰਤ ਦੇ ਸਭ ਤੋਂ ਵੱਡੇ ਡਰੱਗ ਨੈੱਟਵਰਕ ਨੂੰ ਚਲਾ ਰਿਹਾ ਸੀ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਉਸ ਦੇ ਖਿਲਾਫ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਸੀ। ਸੁਰੱਖਿਆ ਏਜੰਸੀਆਂ ਕਾਫੀ ਸਮੇਂ ਤੋਂ ਉਸ ਦੀ ਭਾਲ ਵਿਚ ਸਨ, ਪਰ ਉਹ ਹਰ ਵਾਰ ਚਕਮਾ ਦੇ ਕੇ ਫਰਾਰ ਹੋ ਜਾਂਦਾ ਸੀ।
ਜੈਜ਼ ਨੂੰ ਤਿੰਨ ਦਿਨ ਪਹਿਲਾਂ ਦੁਬਈ ਹਵਾਈ ਅੱਡੇ ਤੋਂ ਨਿਕਲਦੇ ਸਮੇਂ ਹਿਰਾਸਤ ਵਿਚ ਲਿਆ ਗਿਆ ਸੀ। ਇਸ ਸਮੇਂ ਉਹ ਤਿੰਨ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਹੈ। ਹੁਣ ਭਾਰਤੀ ਏਜੰਸੀਆਂ ਉਸ ਨੂੰ ਭਾਰਤ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ। ਸੂਤਰਾਂ ਅਨੁਸਾਰ ਜੈਜ਼ ਤੋਂ ਪੁੱਛਗਿੱਛ ਦੌਰਾਨ ਡਰੱਗ ਤਸਕਰੀ ਦੇ ਇੱਕ ਬਹੁਤ ਵੱਡੇ ਨੈੱਟਵਰਕ ਦਾ ਖੁਲਾਸਾ ਹੋਣ ਦੀ ਉਮੀਦ ਹੈ।
ਸੂਤਰਾਂ ਦੇ ਹਵਾਲੇ ਨਾਲ ਇਹ ਚਰਚਾ ਵੀ ਹੈ ਕਿ ਜਸਵਿੰਦਰ ਕਥਿਤ ਤੌਰ ‘ਤੇ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਲਈ ਵੀ ਕੰਮ ਕਰਦਾ ਸੀ, ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਭਾਰਤ ਲਿਆਉਣ ਤੋਂ ਬਾਅਦ ਪੁੱਛਗਿੱਛ ਦੌਰਾਨ ਹੀ ਇਸ ਗੱਲ ਦਾ ਸਪੱਸ਼ਟ ਪਤਾ ਲੱਗ ਸਕੇਗਾ।