ਡਰਹਮ (ਕੈਨੇਡਾ), 7 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਡਰਹਮ ਰੀਜਨ ‘ਚ ਇੱਕ ਵੱਡਾ ਫਰਾਡ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਕਈ ਸਾਲਾਂ ਤੱਕ ਇੱਕ ਕਾਰੋਬਾਰ ਨੂੰ ਭਾਰੀ ਨੁਕਸਾਨ ਪਹੁੰਚਾਇਆ। ਡਰਹਮ ਰੀਜਨਲ ਪੁਲਿਸ ਵੱਲੋਂ ਚਲਾਈ ਗਈ ਲੰਬੀ ਜਾਂਚ ”Project 6letcher” ਦੇ ਤਹਿਤ ਇਹ ਖੁਲਾਸਾ ਹੋਇਆ ਕਿ ਇੱਕ ਕੰਪਨੀ ਦੇ ਅੰਦਰ ਹੀ ਬੈਠੇ ਕੁਝ ਲੋਕਾਂ ਨੇ ਮਿਲ ਕੇ ਲਗਭਗ 3 ਮਿਲੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ ਕੀਤੀ। ਪੁਲਿਸ ਮੁਤਾਬਕ, ਇੱਕ ਓਪਰੇਸ਼ਨ ਮੈਨੇਜਰ ਨੇ ਤਨਖਾਹਾਂ ਨੂੰ ਹੋਰ ਖਾਤਿਆਂ ਵਿਚ ਭੇਜਣ, ਨਕਲੀ ਸਬਕਾਂਟ੍ਰੈਕਟਰ ਇਨਵੌਇਸ ਬਣਾਉਣ ਅਤੇ ਕਈ ਫਰਾਡ ਚੈੱਕ ਜਾਰੀ ਕਰਨ ਵਰਗੀਆਂ ਤਕਨੀਕਾਂ ਦੀ ਵਰਤੋਂ ਕਰਕੇ ਪੈਸਾ ਆਪਣੇ ਅਤੇ ਆਪਣੇ ਜਾਣਕਾਰਾਂ ਦੇ ਖਾਤਿਆਂ ਵਿਚ ਟਰਾਂਸਫਰ ਕੀਤਾ। ਫੋਰੈਂਸਿਕ ਆਡਿਟ ਦੌਰਾਨ ਕਰੀਬ 270 ਸ਼ੱਕੀ ਚੈਕ ਮਿਲੇ, ਜੋ 8 ਵੱਖ-ਵੱਖ ਕੰਪਨੀਆਂ ਦੇ ਨਾਮ ‘ਤੇ ਜਾਰੀ ਕੀਤੇ ਗਏ ਸਨ ਅਤੇ 22 ਬੈਂਕ ਖਾਤਿਆਂ ਵਿਚ ਜਮ੍ਹਾਂ ਹੋਏ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਪੈਸਾ ਕਈ ਵਿੱਤੀ ਸੰਸਥਾਵਾਂ ਅਤੇ ਚੈਕ-ਕੈਸ਼ਿੰਗ ਬਿਜ਼ਨਸਾਂ ਰਾਹੀਂ ਘੁਮਾਇਆ ਗਿਆ। ਪੁਲਿਸ ਨੇ ਹੁਣ ਤੱਕ 8 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ‘ਤੇ ਫਰਾਡ, ਚੋਰੀ ਅਤੇ ਕਰਾਈਮ ਦੀ ਕਮਾਈ ਨੂੰ ਲੁਕਾਉਣ ਵਰਗੇ ਦੋਸ਼ ਲਗਾਏ ਹਨ। ਇਸਦੇ ਨਾਲ ਹੀ 5 ਹੋਰ ਸ਼ੱਕੀ ਅਜੇ ਵੀ ਲੋੜੀਂਦੇ ਹਨ ਅਤੇ ਪੁਲਿਸ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਵਿੱਤੀ ਧੋਖਾਧੜੀ ਦੇ ਮਾਮਲਿਆਂ ਵਿਚ ਕੜੀ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਲੋਕਾਂ ਦਾ ਭਰੋਸਾ ਬਣਿਆ ਰਹੇ।
ਕੈਨੇਡਾ ‘ਚ 3 ਮਿਲੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ ਦਾ ਪਰਦਾਫਾਸ਼

