ਅੰਮ੍ਰਿਤਸਰ/ਚੰਡੀਗੜ੍ਹ, 2 ਮਾਰਚ, (ਪੰਜਾਬ ਮੇਲ)- ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ‘ਤੇ ਕੀਤੇ ਗਏ ਸਾਂਝੇ ਹਮਲਿਆਂ ਤੋਂ ਬਾਅਦ ਮੱਧ ਪੂਰਬ ਵਿੱਚ ਹਵਾਈ ਖੇਤਰ (airspace) ਬੰਦ ਹੋਣ ਕਾਰਨ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 10 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ, ਕਤਰ ਏਅਰਵੇਜ਼ ਦੀਆਂ ਦੋਹਾ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਦੋਹਾ ਦੀਆਂ ਦੋ ਉਡਾਣਾਂ ਰੱਦ ਰਹੀਆਂ।
ਇਸੇ ਤਰ੍ਹਾਂ ਏਅਰ ਇੰਡੀਆ ਐਕਸਪ੍ਰੈਸ ਦੀਆਂ ਦੁਬਈ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਸ਼ਾਰਜਾ, ਸ਼ਾਰਜਾ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਦੁਬਈ ਦੀਆਂ ਚਾਰ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ। ਹਵਾਈ ਅੱਡਾ ਅਧਿਕਾਰੀਆਂ ਮੁਤਾਬਕ ਸਪਾਈਸਜੈੱਟ ਦੀਆਂ ਦੁਬਈ-ਅੰਮ੍ਰਿਤਸਰ-ਦੁਬਈ ਅਤੇ ਇੰਡੀਗੋ ਦੀਆਂ ਸ਼ਾਰਜਾ-ਅੰਮ੍ਰਿਤਸਰ-ਸ਼ਾਰਜਾ ਦੀਆਂ ਦੋ-ਦੋ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਵੀ ਦੁਬਈ ਅਤੇ ਸ਼ਾਰਜਾ ਜਾਣ ਵਾਲੀਆਂ ਕੁਝ ਉਡਾਣਾਂ ‘ਤੇ ਇਸ ਸੰਕਟ ਦਾ ਅਸਰ ਦੇਖਣ ਨੂੰ ਮਿਲਿਆ ਸੀ।

