#Cricket #SPORTS

ਭਾਰਤੀ ਵਿਕਟਕੀਪਰ ਵੱਲੋਂ ਸਭ ਤੋਂ ਵੱਧ ਟੈਸਟ ਸੈਂਕੜੇ: ਪੰਤ ਨੇ ਧੋਨੀ ਨੂੰ ਪਿੱਛੇ ਛੱਡਿਆ

-ਪੰਤ ਨੇ ਇੰਗਲੈਂਡ ਖ਼ਿਲਾਫ਼ ਮੈਚ ‘ਚ ਸੱਤਵਾਂ ਸੈਂਕੜਾ ਜੜਿਆ; ਧੋਨੀ ਦੇ ਹਨ ਛੇ ਸੈਂਕੜੇ; ਭਾਰਤੀ ਵਿਕਟਕੀਪਰ ਵਜੋਂ ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਦਾ ਰਿਕਾਰਡ ਹਾਲੇ ਵੀ ਧੋਨੀ ਦੇ ਨਾਮ
ਲੀਡਜ਼, 21 ਜੂਨ (ਪੰਜਾਬ ਮੇਲ)- ਇੱਥੇ ਇੰਗਲੈਂਡ ਖ਼ਿਲਾਫ਼ ਖੇਡੇ ਜਾ ਰਹੇ ਟੈਸਟ ਮੈਚ ‘ਚ ਰਿਸ਼ਭ ਪੰਤ ਨੇ ਸੈਂਕੜਾ ਜੜਿਆ ਹੈ, ਜਿਸ ਨਾਲ ਟੈਸਟ ਕ੍ਰਿਕਟ ਵਿਚ ਇੱਕ ਭਾਰਤੀ ਵਿਕਟਕੀਪਰ ਵੱਲੋਂ ਸਭ ਤੋਂ ਵੱਧ ਸੈਂਕੜੇ ਬਣਾਉਣ ਦਾ ਰਿਕਾਰਡ ਬਣਾ ਦਿੱਤਾ ਹੈ। ਪੰਤ ਨੇ ਐੱਮ.ਐੱਸ. ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਪੰਤ ਨੇ ਇੱਥੇ ਇੰਗਲੈਂਡ ਵਿਰੁੱਧ ਲੜੀ ਦੇ ਪਹਿਲੇ ਦਿਨ ਆਪਣਾ ਸੱਤਵਾਂ ਸੈਂਕੜਾ ਬਣਾਇਆ। ਪੰਤ ਨੇ ਸਤੰਬਰ 2024 ਤੋਂ ਬਾਅਦ ਅੱਜ ਪਹਿਲਾ ਸੈਂਕੜਾ ਮਾਰਿਆ। ਇਸ ਤੋਂ ਪਹਿਲਾਂ ਉਸ ਨੇ ਬੰਗਲਾਦੇਸ਼ ਵਿਰੁੱਧ 109 ਦੌੜਾਂ ਬਣਾਈਆਂ ਸਨ।
ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 90 ਟੈਸਟਾਂ ਵਿਚ 38.09 ਦੀ ਔਸਤ ਨਾਲ ਛੇ ਸੈਂਕੜੇ ਅਤੇ 33 ਅਰਧ ਸੈਂਕੜਿਆਂ ਨਾਲ 4,876 ਦੌੜਾਂ ਬਣਾਈਆਂ ਸਨ ਅਤੇ ਟੈਸਟ ਵਿਚ ਇੱਕ ਭਾਰਤੀ ਵਿਕਟਕੀਪਰ-ਬੱਲੇਬਾਜ਼ ਵਜੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਰਿਕਾਰਡ ਉਸ ਦੇ ਨਾਮ ਬਰਕਰਾਰ ਹੈ।
ਇਸ ਪਾਰੀ ਦੌਰਾਨ 3,000 ਦੌੜਾਂ ਪੂਰੀਆਂ ਕਰਨ ਵਾਲੇ ਪੰਤ ਦੇ 44 ਟੈਸਟਾਂ ਵਿਚ 15 ਅਰਧ ਸੈਂਕੜੇ ਵੀ ਹਨ ਅਤੇ ਔਸਤ ਲਗਪਗ 44 ਹੈ। ਇਸ ਸੂਚੀ ਵਿਚ ਤੀਜੇ ਸਥਾਨ ‘ਤੇ ਰਿਧੀਮਾਨ ਸਾਹਾ ਹੈ, ਜਿਸ ਨੇ ਦੋ ਸੈਂਕੜੇ ਲਗਾਏ ਹਨ। ਉਸ ਤੋਂ ਬਾਅਦ ਸਈਦ ਕਿਰਮਾਨੀ ਅਤੇ ਫਾਰੂਖ ਇੰਜੀਨੀਅਰ ਦੋ-ਦੋ ਸੈਂਕੜੇ ਲਗਾ ਚੁੱਕੇ ਹਨ। ਇਸ ਤੋਂ ਇਲਾਵਾ ਨਯਨ ਮੋਂਗੀਆ ਨੇ ਵੀ ਇੱਕ ਸੈਂਕੜਾ ਲਗਾਇਆ ਹੈ।