#PUNJAB

ਪਰਲਜ਼ ਗਰੁੱਪ ਦੇ ਨਿਰਮਲ ਭੰਗੂ ਦੀ ਧੀ ਵੱਲੋਂ ਹਰ ਨਿਵੇਸ਼ਕ ਦਾ ਪੈਸਾ ਮੋੜਨ ਦਾ ਵਾਅਦਾ

ਚੰਡੀਗੜ੍ਹ, 29 ਅਗਸਤ (ਪੰਜਾਬ ਮੇਲ)-5.5 ਕਰੋੜ ਨਿਵੇਸ਼ਕਾਂ ਨਾਲ 45,000 ਕਰੋੜ (ਨਿਵੇਸ਼ਕਾਂ ਅਨੁਸਾਰ 60,000 ਕਰੋੜ) ਤੋਂ ਵੱਧ ਦੀ ਧੋਖਾਧੜੀ ਕਰਨ ਵਾਲੇ ਪਰਲ ਗਰੁੱਪ ਆਫ਼ ਕੰਪਨੀਜ਼ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ ਦੀ ਮੌਤ ਤੋਂ ਦੋ ਦਿਨ ਬਾਅਦ ਉਸ ਦੀ ਧੀ ਨੇ ਜਨਤਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਵਾਅਦਾ ਕੀਤਾ ਗਿਆ ਹੈ ਕਿ ਉਹ ਹਰ ਨਿਵੇਸ਼ਕ ਦਾ ਪੈਸਾ ਮੋੜੇਗੀ। ਅਖ਼ਬਾਰਾਂ ਵਿਚ ਜਾਰੀ ਜਨਤਕ ਨੋਟਿਸ ਵਿਚ ਭਾਵਨਾਤਮਕ ਅਪੀਲ ਕਰਦੇ ਹੋਏ ਉਸ ਨੇ ਕਿਹਾ, ”ਸਰਦਾਰ ਨਿਰਮਲ ਸਿੰਘ ਭੰਗੂ ਦਾ ਜੀਵਨ ਪਰਲਜ਼ ਗਰੁੱਪ ਦੇ ਹਰੇਕ ਨਿਵੇਸ਼ਕ ਨੂੰ ਪੈਸੇ ਦੀ ਮੁੜ ਅਦਾਇਗੀ ਲਈ ਸਮਰਪਿਤ ਸੀ। ਉਸ ਨੇ ਕਿਹਾ ਕਿ ਪੀ. ਏ. ਸੀ. ਐੱਲ. ਅਤੇ ਪੀ. ਜੀ. ਐੱਫ. ਲਿਮਟਿਡ ਦੇ ਨਿਵੇਸ਼ਕਾਂ ਨੂੰ ਪੈਸੇ ਦੀ ਵਾਪਸੀ ਨਾਲ ਸਬੰਧਤ ਮੁੱਦਿਆਂ ‘ਤੇ ਸੁਪਰੀਮ ਕੋਰਟ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਨੇ 2 ਕਮੇਟੀਆਂ ਬਣਾਈਆਂ ਹਨ, ਜੋ ਨਿਵੇਸ਼ਕਾਂ ਨੂੰ ਪੈਸੇ ਵਾਪਸ ਕਰਨ ਦੀ ਨਿਗਰਾਨੀ ਕਰ ਰਹੀਆਂ ਹਨ। ਪਰਲਜ਼ ਗਰੁੱਪ ਪਰਿਵਾਰ ਵੱਲੋਂ ਤੇ ਆਪਣੇ ਪਿਆਰੇ ਪਿਤਾ ਦੇ ਸਨਮਾਨ ਵਿਚ ਮੈਂ ਤੁਹਾਨੂੰ ਭਰੋਸਾ ਦਿੰਦੀ ਹਾਂ ਕਿ ਅਸੀ ਹਰ ਸੰਭਵ ਕੋਸ਼ਿਸ਼ ਕਰਾਂਗੇ ਹਰ ਨਿਵੇਸ਼ਕ ਦਾ ਪੈਸਾ ਮੁੜੇ।”