-ਐੱਚ.ਆਈ.ਵੀ. ਪੀੜਤ ਕੁੜੀਆਂ ਤੇ ਮੁੰਡਿਆਂ ਦੀ ਗਿਣਤੀ ‘ਚ ਹੋ ਰਿਹੈ ਤੇਜ਼ੀ ਨਾਲ ਵਾਧਾ
ਫ਼ਿਰੋਜ਼ਪੁਰ, 16 ਜਨਵਰੀ (ਪੰਜਾਬ ਮੇਲ)- ਫਿਰੋਜ਼ਪੁਰ ਜ਼ਿਲ੍ਹੇ ਵਿਚ ਨਸ਼ੇ ਦੇ ਟੀਕੇ ਲਾਉਣ ਵਾਲੇ ਨੌਜਵਾਨਾਂ ਵਿਚੋਂ ਬਹੁਤ ਸਾਰੇ ਨੌਜਵਾਨ ਏਡਜ਼ ਦਾ ਸ਼ਿਕਾਰ ਹੋ ਰਹੇ ਹਨ ਅਤੇ ਐੱਚ.ਆਈ.ਵੀ. ਪੀੜਤ ਕੁੜੀਆਂ ਅਤੇ ਮੁੰਡਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ‘ਚ ਕਈ ਨੌਜਵਾਨ ਨਸ਼ਾ ਟੁੱਟਣ ‘ਤੇ ਨਸ਼ੇ ਦਾ ਟੀਕਾ ਲਾਉਣ ਲਈ ਇੱਕੋ ਸੂਈ ਦੀ ਹੀ ਵਰਤੋਂ ਕਰਦੇ ਹਨ, ਜਿਸ ਨਾਲ ਏਡਜ਼ ਫੈਲ ਰਹੀ ਹੈ ਅਤੇ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ‘ਚ ਐੱਚ.ਆਈ.ਵੀ. ਗ੍ਰਸਤ ਕੁਝ ਖੂਬਸੂਰਤ ਕੁੜੀਆਂ ਵੀ ਨੌਜਵਾਨਾਂ ਨੂੰ ਏਡਜ਼ ਵੰਡ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ ਐੱਚ.ਆਈ.ਵੀ. ਗ੍ਰਸਤ ਇਹ ਖੂਬਸੂਰਤ ਔਰਤਾਂ ਜੋ ਲੁਕ-ਛਿਪ ਕੇ ਦੇਹ ਵਪਾਰ ਦਾ ਧੰਦਾ ਕਰਦੀਆਂ ਹਨ, ਫੇਸਬੁੱਕ ਅਤੇ ਵਟਸਐਪ ਰਾਹੀਂ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀਆਂ ਹਨ ਅਤੇ ਫਿਰ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਂਦੀਆਂ ਹਨ, ਜਦਕਿ ਸਰੀਰਕ ਸਬੰਧ ਬਣਾਉਣ ਵਾਲੇ ਨੌਜਵਾਨਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਕਿ ਜਿਸ ਖੂਬਸੂਰਤ ਲੜਕੀ ਨਾਲ ਉਹ ਸਰੀਰਕ ਸਬੰਧ ਬਣਾ ਰਹੇ ਹਨ, ਉਹ ਐੱਚ.ਆਈ.ਵੀ. ਨਾਲ ਪੀੜਤ ਹੈ।
ਪਤਾ ਲੱਗਾ ਹੈ ਕਿ ਸਿਹਤ ਵਿਭਾਗ ਫਿਰੋਜ਼ਪੁਰ ਨੇ ਵੀ ਕੁਝ ਅਜਿਹੀਆਂ ਮੁਟਿਆਰਾਂ ਬਾਰੇ ਵੀ ਪਤਾ ਲਾਇਆ ਹੈ, ਜੋ ਖਾਸ ਕਰ ਕੇ ਬੱਸ ਸਟੈਂਡ ਅਤੇ ਨੇੜਲੇ ਕੁਝ ਬਦਨਾਮ ਹੋਟਲਾਂ ਅਤੇ ਪ੍ਰਾਈਵੇਟ ਥਾਵਾਂ ਆਦਿ ‘ਤੇ ਇਸ ਧੰਦੇ ਨੂੰ ਅੰਜਾਮ ਦੇ ਰਹੀਆਂ ਹਨ ਅਤੇ ਕੁਝ ਅਜਿਹੀਆਂ ਲੜਕੀਆਂ ਦੇ ਨਾਂ ਵੀ ਪੁਲਿਸ ਕੋਲ ਪਹੁੰਚੇ ਹਨ ਅਤੇ ਕਈ ਕੁੜੀਆਂ ਫਿਰੋਜ਼ਪੁਰ ਪੁਲਿਸ ਦੇ ਰਡਾਰ ‘ਤੇ ਹਨ। ਦੱਸਿਆ ਜਾਂਦਾ ਹੈ ਕਿ ਕੁਝ ਅਜਿਹੀਆਂ ਕੁੜੀਆਂ ਨਿਸ਼ਚਿਤ ਦਿਨਾਂ ਦੌਰਾਨ ਆਪਣੀਆਂ ਦੱਸੀਆਂ ਗਈਆਂ ਥਾਵਾਂ ‘ਤੇ ਪਹੁੰਚ ਜਾਂਦੀਆਂ ਹਨ। ਫਿਰੋਜ਼ਪੁਰ ਪੁਲਿਸ ਅਜਿਹੀਆਂ ਐੱਚ.ਆਈ.ਵੀ. ਪੀੜਤ ਕੁੜੀਆਂ ਦਾ ਪਤਾ ਲਾਉਣ ਲਈ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ।