ਵਾਸ਼ਿੰਗਟਨ, 31 ਜਨਵਰੀ (ਪੰਜਾਬ ਮੇਲ)- ਅਮਰੀਕਾ ਦੀ ਇੱਕ ਅਦਾਲਤ ਨੇ ਕਿਹਾ ਹੈ ਕਿ 21 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਬੰਦੂਕਾਂ ਦੀ ਵਿਕਰੀ ‘ਤੇ ਪਾਬੰਦੀ ਲਗਾਉਣਾ ਗੈਰ-ਸੰਵਿਧਾਨਕ ਹੈ। ਅਮਰੀਕੀ ਅਦਾਲਤ ਦਾ ਇਹ ਫ਼ੈਸਲਾ ਸੰਘੀ ਕਾਨੂੰਨ ਦੇ ਵਿਰੁੱਧ ਹੈ, ਜਿਸ ਦੇ ਤਹਿਤ ਨੌਜਵਾਨਾਂ ਨੂੰ ਹੈਂਡਗਨ ਖਰੀਦਣ ਲਈ ਘੱਟੋ-ਘੱਟ 21 ਸਾਲ ਦੀ ਉਮਰ ਹੋਣੀ ਚਾਹੀਦੀ ਹੈ। ਅਦਾਲਤ ਦਾ ਕਹਿਣਾ ਹੈ ਕਿ ਸੰਘੀ ਕਾਨੂੰਨ ਅਮਰੀਕੀ ਸੰਵਿਧਾਨ ਦੇ ਦੂਜੇ ਸੋਧ ਦੀ ਉਲੰਘਣਾ ਕਰਦਾ ਹੈ।
ਇਹ ਫ਼ੈਸਲਾ ਵੀਰਵਾਰ ਨੂੰ ਅਮਰੀਕਾ ਦੇ ਨਿਊ ਓਰਲੀਨਜ਼ ਵਿਚ 5ਵੀਂ ਯੂ.ਐੱਸ. ਸਰਕਟ ਕੋਰਟ ਆਫ਼ ਅਪੀਲਜ਼ ਦੇ ਤਿੰਨ ਜੱਜਾਂ ਦੇ ਪੈਨਲ ਨੇ ਸੁਣਾਇਆ। ਅਦਾਲਤ ਨੇ ਪਾਇਆ ਕਿ 18 ਤੋਂ 20 ਸਾਲ ਦੀ ਉਮਰ ਦੇ ਲੋਕਾਂ ਨੂੰ ਬੰਦੂਕਾਂ ਖਰੀਦਣ ਤੋਂ ਵਰਜਿਤ ਨਹੀਂ ਕੀਤਾ ਜਾਣਾ ਚਾਹੀਦਾ। ਅਦਾਲਤ ਨੇ ਆਪਣੇ ਫ਼ੈਸਲੇ ਵਿਚ ਲਿਖਿਆ, ”ਦੂਜੀ ਸੋਧ ਵਿਚ 18 ਤੋਂ 20 ਸਾਲ ਦੀ ਉਮਰ ਦੇ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਹਥਿਆਰ ਰੱਖਣ ਦੇ ਅਧਿਕਾਰ ਦੀ ਗਰੰਟੀ ਹੈ।” ਇਸ ਫ਼ੈਸਲੇ ਤੋਂ ਬਾਅਦ ਕੇਸ ਹੇਠਲੀ ਅਦਾਲਤ ਦੇ ਜੱਜ ਕੋਲ ਵਾਪਸ ਚਲਾ ਗਿਆ ਹੈ। ਸੁਪਰੀਮ ਕੋਰਟ ਨੇ ਆਪਣੇ ਇੱਕ ਫ਼ਸਲੇ ਵਿਚ ਇਹ ਵੀ ਕਿਹਾ ਹੈ ਕਿ ਹਥਿਆਰ ਰੱਖਣ ‘ਤੇ ਪਾਬੰਦੀ ਲਗਾਉਂਦੇ ਸਮੇਂ ਦੇਸ਼ ਦੀਆਂ ਇਤਿਹਾਸਕ ਪ੍ਰੰਪਰਾਵਾਂ ਨੂੰ ਵੀ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ। ਮਿਨੀਸੋਟਾ, ਵਰਜੀਨੀਆ ਅਤੇ ਟੈਕਸਾਸ ਵਰਗੇ ਸੂਬੇ ਦੀਆਂ ਅਦਾਲਤਾਂ ਨੇ ਵੀ ਇਸੇ ਤਰ੍ਹਾਂ ਦੇ ਆਧਾਰ ‘ਤੇ ਸੰਘੀ ਕਾਨੂੰਨ ਨੂੰ ਰੱਦ ਕਰ ਦਿੱਤਾ ਸੀ।
ਹਾਲਾਂਕਿ, ਪਿਛਲੇ ਬਾਇਡਨ ਪ੍ਰਸ਼ਾਸਨ ਨੇ ਉਨ੍ਹਾਂ ਫ਼ੈਸਲਿਆਂ ਦਾ ਵਿਰੋਧ ਕੀਤਾ ਸੀ। ਇਹ ਅਜੇ ਵੀ ਅਨਿਸ਼ਚਿਤ ਹੈ ਕਿ ਟਰੰਪ ਪ੍ਰਸ਼ਾਸਨ ਦਾ ਇਸ ਬਾਰੇ ਕੀ ਰੁਖ਼ ਹੋਵੇਗਾ, ਪਰ ਉਨ੍ਹਾਂ ਨੇ ਪਿਛਲੇ ਸਾਲ ਆਪਣੀ ਚੋਣ ਮੁਹਿੰਮ ਦੌਰਾਨ ਸੰਕੇਤ ਦਿੱਤਾ ਸੀ ਕਿ ਉਹ ਵੀ ਸੰਘੀ ਕਾਨੂੰਨ ਦੇ ਵਿਰੁੱਧ ਫ਼ੈਸਲੇ ਲੈ ਸਕਦੇ ਹਨ। ਟਰੰਪ ਨੇ ਕਿਹਾ ਸੀ ਕਿ ‘ਕੋਈ ਵੀ ਤੁਹਾਡੇ ਹਥਿਆਰਾਂ ਵੱਲ ਉਂਗਲ ਨਹੀਂ ਚੁੱਕੇਗਾ।’ ਫਾਇਰਆਰਮਜ਼ ਪਾਲਿਸੀ ਕੋਲੀਸ਼ਨ ਅਤੇ ਦੂਜੀ ਸੋਧ ਫਾਊਂਡੇਸ਼ਨ ਅਤੇ ਲੂਸੀਆਨਾ ਸ਼ੂਟਿੰਗ ਐਸੋਸੀਏਸ਼ਨ ਨੇ ਬੰਦੂਕਾਂ ਦੀ ਖਰੀਦਦਾਰੀ ‘ਤੇ ਉਮਰ ਪਾਬੰਦੀਆਂ ਲਗਾਉਣ ਵਾਲੇ ਸੰਘੀ ਕਾਨੂੰਨ ਦਾ ਵਿਰੋਧ ਕੀਤਾ। ਹਾਲਾਂਕਿ ਕੁਝ ਸੰਗਠਨ ਉਮਰ ਪਾਬੰਦੀਆਂ ਲਗਾਉਣ ਵਾਲੇ ਸੰਘੀ ਕਾਨੂੰਨ ਦਾ ਸਮਰਥਨ ਵੀ ਕਰ ਰਹੇ ਹਨ, ਇਹ ਦਲੀਲ ਦਿੰਦੇ ਹੋਏ ਕਿ ਇਸ ਨਾਲ ਹਿੰਸਾ ਨੂੰ ਰੋਕਣ ਵਿਚ ਮਦਦ ਮਿਲੇਗੀ।
21 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਬੰਦੂਕਾਂ ਦੀ ਵਿਕਰੀ ‘ਤੇ ਪਾਬੰਦੀ ਲਗਾਉਣਾ ਗੈਰ-ਸੰਵਿਧਾਨਕ : ਅਮਰੀਕੀ ਅਦਾਲਤ
